ਖਰਚਾ ਨਿਗਰਾਨ ਵੱਲੋਂ ਮੀਡੀਆ ਮੋਨੀਟਰਿੰਗ ਦਾ ਜਾਇਜ਼ਾ
ਖਰਚਾ ਨਿਗਰਾਨ ਵੱਲੋਂ ਮੀਡੀਆ ਮੋਨੀਟਰਿੰਗ ਦਾ ਜਾਇਜ਼ਾ
- ਉਮੀਦਵਾਰਾਂ ਦੇ ਖਰਚੇ ਅਤੇ ਮੀਡੀਆ ਰਾਹੀਂ ਕੀਤੇ ਜਾ ਰਹੇ ਚੋਣ ਪ੍ਰਚਾਰ ‘ਤੇ ਤਿੱਖੀ ਨਜ਼ਰ ਰੱਖੀ ਜਾਵੇ: ਯਸ਼ਵੰਤ ਕੁਮਾਰ
ਸੋਨੀ ਪਨੇਸਰ,ਬਰਨਾਲਾ, 7 ਫਰਵਰੀ 2022
ਵਿਧਾਨ ਸਭਾ ਚੋਣਾਂ-2022 ਦੇ ਸਬੰਧ ਵਿਚ ਵਿਧਾਨ ਸਭਾ ਹਲਕਾ 102 ਭਦੌੜ ਲਈ ਤਾਇਨਾਤ ਖਰਚਾ ਨਿਗਰਾਨ ਸ੍ਰੀ ਯਸ਼ਵੰਤ ਕੁਮਾਰ ਆਈ. ਆਰ. ਐੱਸ ਵੱਲੋਂ ਜ਼ਿਲ੍ਹਾ ਪੱਧਰ ’ਤੇ ਸਥਾਪਤ ਐਮ.ਸੀ.ਐਮ.ਸੀ (ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ) ਸੈੱਲ ਦਾ ਦੌਰਾ ਕੀਤਾ ਗਿਆ ਅਤੇ ਮੀਡੀਆ ਮੋਨੀਟਰਿੰਗ ਦਾ ਜਾਇਜ਼ਾ ਲਿਆ ਗਿਆ।
ਇਸ ਮੌਕੇ ਖਰਚਾ ਆਬਜ਼ਰਵਰ ਨੂੰ ਦੱਸਿਆ ਗਿਆ ਕਿ ਪ੍ਰਿੰਟ, ਇਲੈਕਟ੍ਰੋਨਿਕ ਤੇ ਸੋਸ਼ਲ ਮੀਡੀਆ ਵਿਚ ਲੱਗਣ ਵਾਲੇ ਇਸ਼ਤਿਹਾਰ ਤੇ ਪੇਡ ਨਿਊਜ਼ ਨੂੰ ਬਾਰੀਕੀ ਨਾਲ ਘੋਖਣ ਲਈ ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ (ਐਮ.ਸੀ.ਐਮ.ਸੀ.) ਦਾ ਗਠਨ ਕੀਤਾ ਗਿਆ ਹੈ, ਜਿਸ ਵਿਚ ਉਮੀਦਵਾਰਾਂ ਵੱਲੋਂ ਛਪਵਾਏ ਜਾ ਰਹੇ ਪ੍ਰਿੰਟ, ਇਲੈੱਕਟ੍ਰਾਨਿਕ ਤੇ ਸੋਸ਼ਲ ਮੀਡੀਆ ਦੇ ਇਸ਼ਤਿਹਾਰਾਂ ਤੇ ਸ਼ੱਕੀ ਪੇਡ ਨਿਊਜ਼ ਦਾ ਨਿਰੀਖਣ ਕੀਤਾ ਜਾ ਰਿਹਾ ਹੈ। ਐਮ.ਸੀ.ਐਮ.ਸੀ ਵੱਲੋਂ ਰੋਜ਼ਾਨਾ ਛਪਣ ਵਾਲੇ ਇਸ਼ਤਿਹਾਰਾਂ ਦਾ ਉਮੀਦਵਾਰ ਵਾਈਜ਼ ਰਿਕਾਰਡ ਮੈਨਟੇਨ ਕੀਤਾ ਜਾ ਰਿਹਾ ਹੈ ਅਤੇ ਇਸ਼ਤਿਹਾਰ ਦਾ ਖਰਚਾ ਸਬੰਧਿਤ ਰਿਟਰਨਿੰਗ ਅਫ਼ਸਰ ਨੂੰ ਭੇਜਿਆ ਜਾ ਰਿਹਾ ਹੈ ਤਾਂ ਜੋ ‘ਖਰਚਾ ਕਮੇਟੀ’ ਜ਼ਰੀਏ ਸਬੰਧਿਤ ਉਮੀਦਵਾਰ ਦੇ ਚੋਣ ਖ਼ਰਚੇ ਵਿੱਚ ਇਸ਼ਤਿਹਾਰਬਾਜ਼ੀ ਦਾ ਖਰਚਾ ਜੋੜਿਆ ਜਾ ਸਕੇ। ਇਸ ਤੋਂ ਇਲਾਵਾ ਪ੍ਰੀ-ਸਰਟੀਫਿਕੇਸ਼ਨ ਸਬੰਧੀ ਵੀ ਨੋਟਿਸ ਰਿਟਰਨਿੰਗ ਅਫ਼ਸਰਾਂ ਰਾਹੀਂ ਕੱਢੇ ਗਏ ਹਨ ।
ਇਸ ਮੌਕੇ ਖਰਚਾ ਨਿਗਰਾਨ ਨੇ ਕਿਹਾ ਕਿ ਆਉਂਦੇ ਦਿਨੀਂ ਇਸ਼ਤਿਹਾਰਬਾਜ਼ੀ ਅਤੇ ਮੀਡੀਆ ਕੰਟੈਂਟ ‘ਤੇ ਹੋਰ ਵੀ ਬਰੀਕੀ ਨਾਲ ਨਜ਼ਰ ਰੱਖੀ ਜਾਵੇ ਤਾਂ ਜੋ ਕਿਸੇ ਵੀ ਤਰੀਕੇ ਦੀ ਚੋਣ ਜ਼ਾਬਤੇ ਦੀ ਉਲੰਘਣਾ ਹੋਣ ਦਾ ਨੋਟਿਸ ਫੌਰੀ ਲਿਆ ਜਾ ਸਕੇ ।