ਖਰਚਾ ਅਬਜ਼ਰਵਰ ਦੀ ਹਾਜ਼ਰੀ ‘ਚ ਧੂਰੀ ਵਿਖੇ ਉਮੀਦਵਾਰਾਂ ਦੇ ਖਰਚਿਆਂ ਦਾ ਸ਼ੈਡੋ ਰਜਿਸਟਰ ਨਾਲ ਮਿਲਾਨ
ਖਰਚਾ ਅਬਜ਼ਰਵਰ ਦੀ ਹਾਜ਼ਰੀ ‘ਚ ਧੂਰੀ ਵਿਖੇ ਉਮੀਦਵਾਰਾਂ ਦੇ ਖਰਚਿਆਂ ਦਾ ਸ਼ੈਡੋ ਰਜਿਸਟਰ ਨਾਲ ਮਿਲਾਨ
ਪਰਦੀਪ ਕਸਬਾ ,ਧੂਰੀ/ਸੰਗਰੂਰ, 9 ਫਰਵਰੀ:2022
ਵਿਧਾਨ ਸਭਾ ਹਲਕਾ 107-ਧੂਰੀ ਅਤੇ ਵਿਧਾਨ ਸਭਾ ਹਲਕਾ 108-ਸੰਗਰੂਰ ਵਿੱਚ ਉਮੀਦਵਾਰਾਂ ਦੇ ਚੋਣ ਖਰਚਿਆਂ ’ਤੇ ਤਿੱਖੀ ਨਜ਼ਰ ਰੱਖਣ ਲਈ ਚੋਣ ਕਮਿਸ਼ਨ ਵੱਲੋਂ ਤਾਇਨਾਤ ਖਰਚਾ ਅਬਜ਼ਰਵਰ ਆਈ.ਸੀ.ਏ.ਐਸ ਅਧਿਕਾਰੀ ਸ਼੍ਰੀ ਸੁਭਾਸ਼ ਚੰਦਰ ਦੀ ਅਗਵਾਈ ਹੇਠ ਉਮੀਦਵਾਰਾਂ ਦੁਆਰਾ ਹੁਣ ਤੱਕ ਕੀਤੇ ਗਏ ਚੋਣ ਖਰਚਿਆਂ ਦਾ ਸ਼ੈਡੋ ਰਜਿਸਟਰ ਨਾਲ ਮਿਲਾਨ ਕੀਤਾ ਗਿਆ। ਇਸ ਮੌਕੇ ਜਿਹੜੇ ਉਮੀਦਵਾਰਾਂ ਦੇ ਰਜਿਸਟਰਾਂ ਵਿਚ ਵੇਰਵਿਆਂ ਦਾ ਸਹੀ ਇੰਦਰਾਜ ਨਹੀਂ ਸੀ, ਉਨ੍ਹਾਂ ਨੂੰ ਦਰੁਸਤ ਕਰਨ ਲਈ ਕਿਹਾ ਗਿਆ ਅਤੇ ਜੋ ਨਹੀਂ ਆਏ ਉਨ੍ਹਾਂ ਨੂੰ ਨੋਟਿਸ ਜਾਰੀ ਕਰਨ ਦੀ ਹਦਾਇਤ ਸਬੰਧਤ ਰਿਟਰਨਿੰਗ ਅਫ਼ਸਰ ਨੂੰ ਕੀਤੀ ਗਈ।
ਧੂਰੀ ਵਿਧਾਨ ਸਭਾ ਤੋਂ ਚੋਣ ਲੜ ਰਹੇ ਵੱਖ ਵੱਖ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਦੇ ਨੁਮਾਇੰਦਿਆਂ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਤਿਆਰ ਕੀਤੇ ਖਰਚਿਆਂ ਸਬੰਧੀ ਆਰ.ਓ ਦਫ਼ਤਰ ਵਿਖੇ ਰਜਿਸਟਰ ਦਾ ਮਿਲਾਨ ਕਰਵਾਇਆ। ਖਰਚਾ ਅਬਜ਼ਰਵਰ ਸ਼੍ਰੀ ਸੁਭਾਸ਼ ਚੰਦਰ ਨੇ ਕਿਹਾ ਕਿ ਧੂਰੀ ਤੇ ਸੰਗਰੂਰ ਵਿਧਾਨ ਸਭਾ ਹਲਕਿਆਂ ਵਿੱਚ ਉਮੀਦਵਾਰਾਂ ਦੁਆਰਾ ਕੀਤੇ ਜਾ ਰਹੇ ਹਰੇਕ ਪ੍ਰਕਾਰ ਦੇ ਖਰਚਿਆਂ ਉਤੇ ਨਜ਼ਰ ਰੱਖਣ ਲਈ ਵੱਖ ਵੱਖ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਰੋਜ਼ਾਨਾ ਦੇ ਆਧਾਰ ’ਤੇ ਇੰਦਰਾਜ ਰਜਿਸਟਰਾਂ ਵਿੱਚ ਕੀਤਾ ਜਾ ਰਿਹਾ ਹੈ।
ਖਰਚਾ ਅਬਜ਼ਰਵਰ ਨੇ ਹਦਾਇਤ ਕੀਤੀ ਕਿ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਹਦਾਇਤਾਂ ਦੀ ਉਲੰਘਣਾ ਨਾ ਕੀਤੀ ਜਾਵੇ ਅਤੇ ਖਰਚਿਆਂ ਦਾ ਇੰਦਰਾਜ ਕਰਨ ਵਿੱਚ ਲਾਪਰਵਾਹੀ ਨਾ ਵਰਤੀ ਜਾਵੇ।