ਕੰਧ ਚਿੱਤਰ ਅਤੇ ਕੈਨਵਸ ‘ਤੇ ਵੋਟਰ ਜਾਗਰੂਕਤਾ ਤਸਵੀਰਾਂ ਬਣਾ ਰਿਹਾ ਮਡੌਰ ਸਕੂਲ
ਕੰਧ ਚਿੱਤਰ ਅਤੇ ਕੈਨਵਸ ‘ਤੇ ਵੋਟਰ ਜਾਗਰੂਕਤਾ ਤਸਵੀਰਾਂ ਬਣਾ ਰਿਹਾ ਮਡੌਰ ਸਕੂਲ
ਰਾਜੇਸ਼ ਗੌਤਮ,ਪਟਿਆਲਾ, 9 ਫਰਵਰੀ:2022
ਜ਼ਿਲ੍ਹਾ ਪਟਿਆਲਾ ਵਿਖੇ ਵੋਟਾਂ ਦੇ ਮਹਾਂ ਤਿਉਹਾਰ ਨੂੰ ਮਨਾਉਣ ਲਈ ਵੋਟਰਾਂ ਨੂੰ ਹਰ ਰੰਗ ਹਰ ਕਲਾ ਦੇ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਚੋਣ ਅਫ਼ਸਰ -ਕਮ- ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਸੰਦੀਪ ਹੰਸ ਦੀ ਅਗਵਾਈ ਵਿਚ ਜ਼ਿਲ੍ਹਾ ਸਵੀਪ ਟੀਮ ਵੱਲੋਂ ਹਰ ਵਰਗ ਦੇ ਵੋਟਰਾਂ ਤੱਕ ਪਹੁੰਚ ਕੀਤੀ ਜਾ ਰਹੀ ਅਤੇ ਵੋਟਰ ਜਾਗਰੂਕਤਾ ਦੇ ਨਵੇਂ ਨਵੇਂ ਢੰਗ ਅਪਣਾਏ ਜਾ ਰਹੇ ਹਨ। ਅੱਜ ਸਰਕਾਰੀ ਸਮਾਰਟ ਸਕੂਲ ਪਿੰਡ ਮਡੌਰ ਹਲਕਾ ਪਟਿਆਲਾ ਦਿਹਾਤੀ ਵਿਖੇ ਵੋਟਰ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਬਤੌਰ ਮੁੱਖ ਮਹਿਮਾਨ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਅਤੇ ਬਤੌਰ ਵਿਸ਼ੇਸ਼ ਮਹਿਮਾਨ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ ਨੇ ਸ਼ਿਰਕਤ ਕੀਤੀ।
ਇਸ ਮੌਕੇ ਜ਼ਿਲ੍ਹਾ ਦੂਤ ਵੋਟਰ ਜਾਗਰੂਕਤਾ ਗੁਰਪ੍ਰੀਤ ਸਿੰਘ ਨਾਮਧਾਰੀ ਪ੍ਰਿੰਸੀਪਲ ਜਸਪਾਲ ਸਿੰਘ ਅਤੇ ਸਟਾਫ਼ ਵੱਲੋਂ ਤਿਆਰ ਕੰਧ ਚਿੱਤਰ ਜਿਨ੍ਹਾਂ ਵਿੱਚ 20 ਫਰਵਰੀ ਨੂੰ ਵੋਟ ਪਾਉਣ ਦਾ ਸੁਨੇਹਾ ਦਿੱਤਾ ਗਿਆ ਹੈ ਅਤੇ ਗੁਰਪ੍ਰੀਤ ਸਿੰਘ ਨਾਮਧਾਰੀ ਅਤੇ ਉਨ੍ਹਾਂ ਦੇ ਵਿਦਿਆਰਥੀਆਂ ਵੱਲੋਂ ਤਿਆਰ ਵੋਟਰ ਜਾਗਰੂਕਤਾ ਪੇਂਟਿੰਗਜ਼ ਨੂੰ ਜਾਰੀ ਕੀਤਾ ਗਿਆ। ਇਸ ਮੌਕੇ ਰਿਟਾਇਰਡ ਅਧਿਆਪਕ ਪੰਡਤ ਧਰਮਪਾਲ ਸ਼ਾਸਤਰੀ ਵੱਲੋਂ ਵੋਟਰ ਜਾਗਰੂਕਤਾ ਕਵਿਤਾਵਾਂ ਪੜ੍ਹੀਆਂ ਗਈਆਂ।
ਪ੍ਰੋ ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਸਕੂਲ ਦੇ ਪ੍ਰਿੰਸੀਪਲ ਸਟਾਫ਼ ਅਤੇ ਪਿੰਡ ਦੇ ਯੁਵਕ ਸੇਵਾਵਾਂ ਕਲੱਬ ਦੇ ਮੈਂਬਰਾਂ ਨੂੰ ਵੋਟਾਂ ਦੇ ਇਸ ਪਵਿੱਤਰ ਤਿਉਹਾਰ ਨੂੰ ਮਨਾ ਕੇ ਮਜ਼ਬੂਤ ਲੋਕਤੰਤਰ ਦੇ ਲਈ ਕੰਮ ਕਰਨ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਬਤੌਰ ਚੋਣ ਮਿੱਤਰ 50-50 ਘਰ ਅਪਣਾ ਕੇ ਹਰ ਇੱਕ ਵੋਟ ਭੁਗਤਾਉਣ ਦਾ ਸੁਨੇਹਾ ਦਿੱਤਾ। ਵਰਿੰਦਰ ਟਿਵਾਣਾ ਵੱਲੋਂ ਰਾਸ਼ਟਰੀ ਸੇਵਾ ਯੋਜਨਾ ਦੇ ਵਲੰਟੀਅਰਾਂ ਦੀ ਚੋਣਾਂ ਵਾਲੇ ਦਿਨ ਲਈ ਟ੍ਰੇਨਿੰਗ ਕਰਵਾਈ। ਸਕੂਲ ਦੇ ਪ੍ਰਿੰਸੀਪਲ ਜਸਪਾਲ ਸਿੰਘ ਸਟੇਟ ਅਵਾਰਡੀ ਨੇ ਸਕੂਲ ਸਟਾਫ਼ ਵੱਲੋਂ ਹਲਕਾ ਪਟਿਆਲਾ ਦਿਹਾਤੀ ਅਤੇ ਨਾਭਾ ਵਿਖੇ ਕੀਤੀਆਂ ਸਵੀਪ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਜੀ ਓ ਜੀ ਬਲਵਿੰਦਰ ਸਿੰਘ ਵੀ ਵਿਸ਼ੇਸ਼ ਤੌਰ ਉੱਪਰ ਹਾਜ਼ਰ ਸਨ।