ਕੋਵਿਡ-19 ਅਤੇ ਓਮੀਕਰੋਨ ਦੇ ਫੈਲਾਅ ਦੇ ਮੱਦੇਨਜ਼ਰ ਨਵੀਆਂ ਹਦਾਇਤਾਂ ਜਾਰੀ
ਕੋਵਿਡ-19 ਅਤੇ ਓਮੀਕਰੋਨ ਦੇ ਫੈਲਾਅ ਦੇ ਮੱਦੇਨਜ਼ਰ ਨਵੀਆਂ ਹਦਾਇਤਾਂ ਜਾਰੀ
- ਜਨਤਕ ਥਾਵਾਂ ’ਤੇ ਜਾਣ ਲਈ ਸੰਪੂਰਨ ਟੀਕਾਕਰਨ ਜ਼ਰੂਰੀ
ਸੋਨੀ ਪਨੇਸਰ,ਬਰਨਾਲਾ, 30 ਦਸੰਬਰ 2021
ਰਾਜ ਵਿੱਚ ਕੋਵਿਡ-19 ਅਤੇ ਓਮੀਕਰੋਨ ਦੇ ਫੈਲਾਅ ਦੇ ਮੱਦੇਨਜ਼ਰ ਪੰਜਾਬ ਸਰਕਾਰ, ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ (ਗ੍ਰਹਿ-2 ਸ਼ਾਖਾ) ਵੱਲੋਂ ਪੱਤਰ ਨੰਬਰ:7/56/2020/2ਗ4/624 ਮਿਤੀ 28-12-2021 ਰਾਹੀਂ ਜਾਰੀ ਹੋਈਆਂ ਨਵੀਆਂ ਹਦਾਇਤਾਂ ਦੇ ਮੱਦੇਨਜ਼ਰ ਜ਼ਿਲਾ ਮੈਜਿਸਟ੍ਰੇਟ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਆਈ.ਏ.ਐਸ ਵੱਲੋਂ ਸੀਆਰਪੀਸੀ 1973 ਦੀ ਧਾਰਾ 144 ਅਤੇ ਕੌਮੀ ਆਫਤ ਪ੍ਰਬੰਧਨ ਐਕਟ 2005 2 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲਾ ਬਰਨਾਲਾ ਦੀ ਹਦੂਦ ਅੰਦਰ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਇਸ ਤਹਿਤ ਸਮੂਹ ਜਨਤਕ ਥਾਵਾਂ ਜਿੱਥੇ ਜ਼ਿਆਦਾ ਭੀੜ ਹੁੰਦੀ ਹੈ ਜਿਵੇਂ ਕਿ ਸਬਜ਼ੀ ਮੰਡੀ, ਅਨਾਜ ਮੰਡੀ, ਪਬਲਿਕ ਟਰਾਂਸਪੋਰਟ, ਪਾਰਕ, ਧਾਰਮਿਕ ਸਥਾਨ, ਮਾਲ, ਸ਼ਾਪਿੰਗ ਕੰਪਲੈਕਸ, ਅਹਾਤਾ, ਲੋਕਲ ਮਾਰਕਿਟ ਅਤੇ ਹੋਰ ਅਜਿਹੇ ਸਥਾਨਾਂ ’ਤੇ ਸਿਰਫ ਉਹੀ ਬਾਲਗ ਵਿਅਕਤੀ ਜਾ ਸਕਦੇ ਹਨ, ਜਿਨਾਂ ਦੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕੋਵਿਡ-19 ਵੈਕਸੀਨ ਦੀਆਂ ਦੋਵੇਂ ਡੋਜ਼ਾਂ ਲੱਗੀਆਂ ਹੋਣ ਜਾਂ ਵੈਕਸੀਨੇਸ਼ਨ ਦੀ ਦੂਜੀ ਖੁਰਾਕ ਪੈਂਡਿੰਗ ਨਾ ਹੋਵੇ।
ਸਮੂਹ ਹੋਟਲ, ਬਾਰਜ਼, ਰੈਸਟੋਰੈਂਟ, ਮਾਲ, ਸ਼ਾਪਿੰਗ ਕੰਪਲੈਕਸ, ਸਿਨੇਮਾ ਹਾਲ, ਜਿਮ, ਫਿਟਨੈੱਸ ਸੈਂਟਰ ’ਤੇ ਉਹੀ ਬਾਲਗ ਵਿਅਕਤੀ ਜਾ ਸਕਦੇ ਹਨ, ਜਿਨਾਂ ਦੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕੋਵਿਡ-19 ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੱਗੀਆਂ ਹੋਣ ਜਾਂ ਦੂਜੀ ਡੋਜ਼ ਪੈਂਡਿੰਗ ਨਾ ਹੋਵੇ। ਪ੍ਰਾਈਵੇਟ ਅਤੇ ਸਰਕਾਰੀ ਬੈਂਕਾਂ ਅੰਦਰ ਉਹੀ ਬਾਲਗ ਵਿਅਕਤੀ ਸਮੇਤ ਬੈਂਕ ਦੇ ਮੁਲਾਜ਼ਮ ਜਾ ਸਕਦੇ ਹਨ, ਜਿਨਾਂ ਦੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕੋਵਿਡ-19 ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੱਗੀਆਂ ਹੋਣ।
ਉਪਰੋਕਤ ਤੋਂ ਇਲਾਵਾ ਕਿਸੇ ਵੀ ਵਿਅਕਤੀ ਦੀ ਵੈਕਸੀਨੇਸ਼ਨ ਸਬੰਧੀ ਮੌਜੂਦਾ ਸਥਿਤੀ ਬਾਰੇ (ਜਿਨਾਂ ਵਿਅਕਤੀਆਂ ਦੇ ਪਹਿਲੀ ਖੁਰਾਕ ਕੋਵੀਸ਼ੀਲਡ ਵੈਕਸੀਨ ਦੀ ਲੱਗੀ ਹੋਈ ਹੈ ਉਹ ਵਿਅਕਤੀ ਦੂਜੀ ਖੁਰਾਕ ਲਗਵਾਉਣ ਲਈ ਪਹਿਲੀ ਤੋਂ 84 ਦਿਨਾਂ ਬਾਅਦ ਯੋਗ ਹੋਣਗੇ ਅਤੇ ਜਿਨਾਂ ਵਿਅਕਤੀਆਂ ਦੇ ਪਹਿਲੀ ਖੁਰਾਕ ਕੋਵੈਕਸੀਨ ਦੀ ਲੱਗੀ ਹੋਈ ਹੈ, ਉਹ ਵਿਅਕਤੀ ਦੂਜੀ ਖੁਰਾਕ ਲਗਵਾਉਣ ਲਈ ਪਹਿਲੀ ਡੋਜ਼ ਤੋਂ 28 ਦਿਨਾਂ ਬਾਅਦ ਯੋਗ ਹੋਣਗੇ) ਜਾਣਨ ਲਈ ਹੇਠ ਲਿਖੀਆਂ ਹਦਾਇਤਾਂ ਨੂੰ ਪਾਲਣਾ ਕੀਤੀ ਜਾਵੇ।
ਇਸ ਤਹਿਤ ਵੈਕਸੀਨ ਦੀ ਦੂਜੀ ਖੁਰਾਕ ਦਾ ਸਰਟੀਫਿਕੇਟ ਡਾਊਨਲੋਡ ਕੀਤਾ ਜਾਵੇ (ਹਾਰਡ/ਸਾਫਟ ਕਾਪੀ)। ਦੂਜੀ ਖੁਰਾਕ ਦੀ ਡਿਊ ਮਿਤੀ ਜਾਣਨ ਲਈ ਪਹਿਲੀ ਖੁਰਾਕ ਦਾ ਸਰਟੀਫਿਕੇਟ ਡਾਊਨਲੋਡ ਕੀਤਾ ਜਾਵੇ। ਜਿਨਾਂ ਵਿਅਕਤੀਆਂ ਕੋਲ ਸਮਾਰਟ ਫੋਨ ਨਹੀਂ ਹੈ ਤਾਂ ਉਨਾਂ ਦੇ ਸਧਾਰਨ ਫੋਨ ਵਿੱਚ ਕੋਵਿਨ ਪੋਰਟਲ (8) ਰਾਹੀਂ ਵੈਕਸੀਨੇਸ਼ਨ ਹੋਣ ਸਬੰਧੀ ਭੇਜੇ ਗਏ ਟੈਕਸਟ ਮੈਸੇਜ ਨੂੰ ਮੰਨਿਆ ਜਾਵੇਗਾ। ਟੀਕਾਕਰਨ ਦੀ ਮੌਜੂਦਾ ਸਥਿਤੀ ਬਾਰੇ ਜਾਣਨ ਲਈ ਅਰੋਗਿਆ ਸੇਤੂ ਐਪ ਵਰਤੀ ਜਾਵੇ।
ਇਸ ਤੋਂ ਇਲਾਵਾ ਕੋਵਿਡ-19 ਸਬੰਧੀ ਐਮ.ਐਚ.ਏ. ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ 6 ਫੁੱਟ ਦੀ ਸਮਾਜਿਕ ਦੂਰੀ ਨੂੰ ਬਣਾਈ ਰੱਖਣਾ, ਬਜ਼ਾਰਾਂ ਅਤੇ ਪਬਲਿਕ ਟਰਾਂਸਪੋਰਟ ਵਿੱਚ ਭੀੜ ਨੂੰ ਸੀਮਿਤ ਰੱਖਣਾ, ਮਾਸਕ ਪਹਿਨਣਾ ਤੇ ਜਨਤਕ ਥਾਵਾਂ ’ਤੇ ਥੁੱਕਣ ਦੀ ਮਨਾਹੀ ਆਦਿ ਸਬੰਧੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਉਕਤ ਹਦਾਇਤਾਂ ਦੀ ਉਲੰਘਣਾ ਕਰਨ ਦੀ ਸੂਰਤ ਵਿੱਚ ਆਈਪੀਸੀ ਦੀ ਧਾਰਾ 188 ਅਤੇ ਆਫਤ ਪ੍ਰਬੰਧਨ ਐਕਟ 2005 ਦੀ ਧਾਰਾ 51-60 ਅਧੀਨ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।