ਕੋਵਿਡ ਦੇ ਨਵੇਂ ਵੈਰੀਐਂਟ ਓਮੀਕਰੋਨ ਤੋਂ ਬਚਾਅ ਲਈ ਟੀਕਾਕਰਨ ਦੀਆਂ ਦੋਵੇਂ ਖੁਰਾਕਾਂ ਜਰੂਰੀ : ਡਾ: ਰਾਜੇਸ਼
ਕੋਵਿਡ ਦੇ ਨਵੇਂ ਵੈਰੀਐਂਟ ਓਮੀਕਰੋਨ ਤੋਂ ਬਚਾਅ ਲਈ ਟੀਕਾਕਰਨ ਦੀਆਂ ਦੋਵੇਂ ਖੁਰਾਕਾਂ ਜਰੂਰੀ : ਡਾ: ਰਾਜੇਸ਼
- ਜ਼ਿਲ੍ਹੇ ਵਿੱਚ ਵੱਖ-ਵੱਖ ਸਥਾਨਾਂ ’ਤੇ ਰੋਜ਼ਾਨਾਂ ਲਗਾਏ ਜਾ ਰਹੇ ਹਨ ਟੀਕਾਕਰਨ ਕੈਂਪ
- ਸਿਹਤ ਵਿਭਾਗ ਵੱਲੋਂ ਦੱਸੀਆਂ ਸਾਵਧਾਨੀਆਂ ਦੀ ਪਾਲਣਾ ਕਰਕੇ ਹੀ ਕੋਰੋਨਾ ਵਾਇਰਸ ਨੂੰ ਦਿੱਤੀ ਜਾ ਸਕਦੀ ਹੈ ਮਾਤ
ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ, 02 ਦਸੰਬਰ :2021
ਕੋਰੋਨਾ ਵਾਇਰਸ ਇੱਕ ਨਾ ਮੁਰਾਦ ਮਹਾਂਮਾਰੀ ਹੈ ਹੁਣ ਇਸ ਦਾ ਨਵਾਂ ਵੈਰੀਐਂਟ ਓਮੀਕਰੋਨ ਆ ਗਿਆ ਹੈ ਜੇਕਰ ਅਸੀਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਟੀਕਾਕਰਨ ਦੀਆਂ ਦੋਵੇਂ ਖੁਰਾਕਾਂ ਦੇ ਨਾਲ ਨਾਲ
ਸਿਹਤ ਵਿਭਾਗ ਵੱਲੋਂ ਦੱਸੀਆਂ ਸਾਵਧਾਨੀਆਂ ਦੀ ਪਾਲਣਾ ਨਾ ਕੀਤੀ ਤਾਂ ਇਹ ਵਾਇਰਸ ਸਾਡੇ ਦੇਸ਼ ਵਿੱਚ ਵੀ ਫੈਲ ਸਕਦਾ ਹੈ। ਇਸ ਲਈ ਇਹ ਜਰੂਰੀ ਹੈ ਕਿ ਸਿਹਤ ਵਿਭਾਗ ਵੱਲੋਂ ਦੱਸੀਆਂ ਸਾਵਧਾਨੀਆਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ। ਇਹ ਪ੍ਰਗਟਾਵਾ ਜਿ਼ਲ੍ਹਾ ਟੀਕਾਕਰਨ ਅਫਸਰ ਡਾ. ਰਾਜੇਸ਼ ਕੁਮਾਰ ਨੇ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਹੱਥਾਂ ਨੂੰ ਵਾਰ ਵਾਰ ਸਾਬਣ ਜਾਂ ਸੈਨੀਟਾਈਜ਼ਰ ਨਾਲ ਸਾਫ ਕਰਨਾ ਚਾਹੀਦਾ ਹੈ, ਆਪਣਾ ਮੂੰਹ ਤੇ ਨੱਕ ਮਾਸਕ ਜਾਂ ਰੁਮਾਲ ਨਾਲ ਢੱਕ ਕੇ ਰੱਖਣਾ ਚਾਹੀਦਾ ਹੈ, ਸਮਾਜਿਕ ਵਿੱਥ (ਸ਼ੋਸ਼ਲ ਡਿਸਟੈਂਸਿੰਗ) ਬਣਾ ਕੇ ਰੱਖਣੀ ਚਾਹੀਦੀ ਹੈ ਅਤੇ ਵਧੇਰੇ ਭੀੜ ਭਾੜ ਵਾਲੇ ਇਲਾਕਿਆਂ ਵਿੱਚ ਨਹੀਂ ਜਾਣਾ ਚਾਹੀਦਾ ਤੇ ਬਿਨਾਂ ਕਿਸੇ ਜਰੂਰੀ ਕੰਮ ਤੋਂ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਵਧਾਨੀਆਂ ਦੀ ਵਰਤੋਂ ਕਰਕੇ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਤੋਂ ਵੀ ਬਚਾਅ ਕੀਤਾ ਜਾ ਸਕਦਾ ਹੈ।ਜਿ਼ਲ੍ਹਾ ਟੀਕਾਕਰਨ ਅਫਸਰ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਜੋ ਟੀਕਾਕਰਨ ਕੀਤਾ ਜਾ ਰਿਹਾ ਹੈ ਉਸ ਦੀਆਂ ਦੋ ਖੁਰਾਕਾਂ ਲਗਵਾਉਣੀਆਂ ਬਹੁਤ ਜਰੂਰੀ ਹਨ। ਉਨ੍ਹਾਂ ਕਿਹਾ ਕਿ ਜਿ਼ਲ੍ਹੇ ਵਿੱਚ 79 ਫੀਸਦੀ ਤੋਂ ਵੱਧ ਲੋਕਾਂ ਨੇ ਟੀਕਾਕਰਨ ਦੀ ਪਹਿਲੀ ਖੁਰਾਕ ਲਗਵਾਈ ਹੈ ਜਦੋਂ ਕਿ ਇਸ ਦੀ ਦੂਜ਼ੀ ਖੁਰਾਕ ਸਿਰਫ 34 ਫੀਸਦੀ ਲੋਕਾਂ ਨੇ ਲਈ ਹੈ। ਜਦੋਂ ਕਿ ਟੀਕਾਕਰਨ ਦੀਆਂ ਦੋਵੇਂ ਖੁਰਾਕਾਂ ਲੈਣੀਆਂ ਚਾਹੀਦੀਆਂ ਹਨ।
ਡਾ. ਰਾਜੇਸ਼ ਨੇ ਦੱਸਿਆ ਕਿ ਜਿ਼ਲ੍ਹੇ ਵਿੱਚ ਜਿ਼ਲ੍ਹਾ ਹਸਪਤਾਲ ਫ਼ਤਹਿਗੜ੍ਹ ਸਾਹਿਬ, ਸਬ ਡਵੀਜ਼ਨਲ ਹਸਪਤਾਲ ਮੰਡੀ ਗੋਬਿੰਦਗੜ੍ਹ, ਸੀ.ਐਚ.ਸੀ. ਬਸੀ ਪਠਾਣਾ, ਸੀ.ਐਚ.ਸੀ. ਚਨਾਰਥਲ ਕਲਾਂ, ਸੀ.ਐਚ.ਸੀ. ਨੰਦਪੁਰ ਕਲੌੜ, ਸੀ.ਐਚ.ਸੀ. ਅਮਲੋਹ ਅਤੇ ਦੇਸ਼ ਭਗਤ ਕਾਲਜ ਮੰਡੀ ਗੋਬਿੰਦਗੜ੍ਹ ਵਿਖੇ ਰੋਜ਼ਾਨਾਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਟੀਕਾਕਰਨ ਕੀਤਾ ਜਾ ਰਿਹਾ ਹੈ। ਟੀਕਾਕਰਨ ਦੀ ਪਹਿਲੀ ਡੋਜ ਲੈਣ ਵਾਲੇ ਵਿਅਕਤੀ 84 ਦਿਨਾਂ ਬਾਅਦ ਇਸ ਦੀ ਦੂਜ਼ੀ ਡੋਜ਼ ਜਰੂਰ ਲਗਵਾਉਣ।
ਡਾ. ਰਾਜੇਸ਼ ਨੇ ਕਿਹਾ ਕਿ ਕੋਰੋਨਾ ਦੀ ਤੀਜੀ ਲਹਿਰ ਦੇ ਟਾਕਰੇ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਤਿਆਰ ਹੈ । ਉਨ੍ਹਾਂ ਜਿ਼ਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਤਰ੍ਹਾਂ ਦੀਆਂ ਅਫਵਾਹਾਂ ਵਿੱਚ ਨਾ ਆਉਣ । ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਨੂੰ ਰੋਕਣ ਲਈ ਸਿਹਤ ਵਿਭਾਗ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਹਰੇਕ ਨਾਗਰਿਕ ਨੂੰ ਆਪਣੀ ਜਿੰਮੇਵਾਰੀ ਸਮਝਦੇ ਹੋਏ ਅੱਗੇ ਆ ਕੇ ਆਪ, ਆਪਣੇ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਰਿਸ਼ਤੇਦਾਰਾਂ ਨੂੰ ਇਹ ਵੈਕਸੀਨੇਸ਼ਨ ਲੈਣ ਲਈ ਜਾਗਰੂਕ ਕਰਨਾ ਚਾਹੀਦਾ ਹੈ ਕਿਉਂਕਿ ਇਸ ਟੀਕਾਕਰਨ ਨਾਲ ਹੀ ਅਸੀਂ ਕੋਵਿਡ ਤੋਂ ਬਚੇ ਰਹਿ ਸਕਦੇ ਹਾਂ।