ਕੈਬਨਿਟ ਮੰਤਰੀ ਪਰਗਟ ਸਿੰਘ ਵੱਲੋਂ ਪਿੰਡ ਖਾਕਟ ‘ਚ ਖੇਡ ਗਰਾਊਂਡ ਦਾ ਉਦਘਾਟਨ
ਕੈਬਨਿਟ ਮੰਤਰੀ ਪਰਗਟ ਸਿੰਘ ਵੱਲੋਂ ਪਿੰਡ ਖਾਕਟ ‘ਚ ਖੇਡ ਗਰਾਊਂਡ ਦਾ ਉਦਘਾਟਨ
- ਪੀ.ਵਾਈ.ਡੀ.ਬੀ. ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਦੇ ਯਤਨਾਂ ਸਦਕਾ ਖੇਡ ਮੈਦਾਨ ਵਿਕਸਤ
- ਖੇਡ ਮੈਦਾਨ ‘ਚ ਬਾਸਕਟਬਾਲ, ਕ੍ਰਿਕੇਟ, ਫੁੱਟਬਾਲ, ਬੈਡਮਿੰਟਨ, ਖੋ-ਖੋ ਅਤੇ ਰੋਪ ਕਲਾਈਬਿੰਗ ਦੀਆਂ ਸਹੂਲਤਾਂ
- ਬਿੰਦਰਾ ਵੱਲੋਂ ਸੀ.ਐਸ.ਆਰ. ਤਹਿਤ ਖੇਡ ਮੈਦਾਨ ਵਿਕਸਤ ਕਰਨ ਲਈ ਹਾਈਵੇਅ ਇੰਡਸਟਰੀਜ਼ ਦਾ ਵੀ ਕੀਤਾ ਧੰਨਵਾਦ
ਦਵਿੰਦਰ ਡੀ.ਕੇ,ਸਾਹਨੇਵਾਲ (ਲੁਧਿਆਣਾ), 10 ਦਸੰਬਰ (2021)
ਕੈਬਨਿਟ ਮੰਤਰੀ ਪਰਗਟ ਸਿੰਘ ਨੇ ਅੱਜ ਜ਼ਿਲ੍ਹੇ ਦੇ ਸਾਹਨੇਵਾਲ ਨੇੜਲੇ ਪਿੰਡ ਖਾਕਟ ਵਿਖੇ ਖੇਡ ਮੈਦਾਨ ਦਾ ਉਦਘਾਟਨ ਕੀਤਾ। ਇਹ ਖੇਡ ਮੈਦਾਨ ਪੰਜਾਬ ਯੂਥ ਡਿਵੈਲਪਮੈਂਟ ਬੋਰਡ (ਪੀ.ਵਾਈ.ਡੀ.ਬੀ.) ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਦੇ ਯਤਨਾਂ ਸਦਕਾ ਹਾਈਵੇਅ ਇੰਡਸਟਰੀਜ਼ ਲਿਮਟਿਡ ਦੁਆਰਾ ਸੀ.ਐਸ.ਆਰ. ਤਹਿਤ ਵਿਕਸਤ ਕੀਤਾ ਗਿਆ ਹੈ।
ਇਸ ਖੇਡ ਮੈਦਾਨ ਵਿੱਚ ਬਾਸਕਟਬਾਲ, ਕ੍ਰਿਕੇਟ, ਫੁੱਟਬਾਲ, ਬੈਡਮਿੰਟਨ, ਖੋ-ਖੋ, ਰੋਪ ਕਲਾਈਬਿੰਗ ਅਤੇ 400 ਮੀਟਰ ਅਥਲੈਟਿਕਸ ਟਰੈਕ ਦੀ ਸੁਵਿਧਾ ਹੋਵੇਗੀ।
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਹਾਈਵੇ ਇੰਡਸਟਰੀਜ਼ ਲਿਮਟਿਡ ਦੇ ਸ੍ਰੀ ਉਮੇਸ਼ ਮੁੰਜਾਲ, ਸ੍ਰੀ ਅਨਮੋਲ ਮੁੰਜਾਲ ਅਤੇ ਸ੍ਰੀ ਅੰਕੁਰ ਮੁੰਜਾਲ ਦਾ ਸੀ.ਐਸ.ਆਰ. ਤਹਿਤ ਇਸ ਖੇਡ ਮੈਦਾਨ ਨੂੰ ਵਿਕਸਤ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਜਲਦ ਹੀ ਹਲਕਾ ਸਾਹਨੇਵਾਲ ਦੇ ਹੋਰਨਾਂ ਪਿੰਡਾਂ ਵਿੱਚ ਵੀ ਅਜਿਹੇ 4 ਹੋਰ ਖੇਡ ਮੈਦਾਨ ਬਣਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਇਹ ਖੇਡ ਮੈਦਾਨ ਨੌਜਵਾਨਾਂ ਦੀ ਬਿਹਤਰੀ ਅਤੇ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਸੀ.ਐਸ.ਆਰ. ਫੰਡ ਤਹਿਤ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਹਾਈਵੇਅ ਇੰਡਸਟਰੀਜ਼ ਲਿਮਟਿਡ ਇਸ ਖੇਡ ਮੈਦਾਨ ਦੀ ਸਾਂਭ-ਸੰਭਾਲ ਵੀ ਕਰੇਗੀ।
ਕੈਬਨਿਟ ਮੰਤਰੀ ਸ.ਪਰਗਟ ਸਿੰਘ ਨੇ ਕਿਹਾ ਕਿ ਇਹ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੀ ਹਾਈਵੇਅ ਇੰਡਸਟਰੀਜ਼ ਲਿਮਟਿਡ ਨਾਲ ਸਾਂਝੀ ਪਹਿਲਕਦਮੀ ਹੈ ਅਤੇ ਉਨ੍ਹਾਂ ਹੋਰ ਉਦਯੋਗਪਤੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਸੂਬੇ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਅਜਿਹੇ ਖੇਡ ਪਾਰਕਾਂ ਨੂੰ ਵਿਕਸਤ ਕਰਨ ਲਈ ਯੋਗਦਾਨ ਪਾਉਣ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਦੂਰਅੰਦੇਸ਼ੀ ਅਗਵਾਈ ਹੇਠ ਸੂਬੇ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਖੇਡਾਂ ਸਭ ਤੋਂ ਵਧੀਆ ਸਾਧਨ ਹਨ, ਜਿਸ ਰਾਹੀਂ ਨੌਜਵਾਨ ਨਾ ਸਿਰਫ਼ ਤੰਦਰੁਸਤ ਰਹਿ ਸਕਦੇ ਹਨ, ਸਗੋਂ ਨਸ਼ਿਆਂ ਦੇ ਕੋਹੜ ਤੋਂ ਵੀ ਬਚ ਸਕਦੇ ਹਨ।
ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸਤਵਿੰਦਰ ਕੌਰ ਬਿੱਟੀ, ਡੀ.ਈ.ਓ ਲਖਵੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।