ਕੈਬਨਿਟ ਮੰਤਰੀ ਗੁਰਕਿਰਤ ਸਿੰਘ ਕੋਟਲੀ ਵੱਲੋਂ ਖੰਨਾ ਵਿਖੇ ਮਾਰਕਫੈੱਡ ਦੇ ਵਨਾਸਪਤੀ ਤੇ ਰਿਫਾਇੰਡ ਤੇਲਾਂ ਦੇ ਆਧੁਨਿਕ ਪਲਾਂਟ ਦਾ ਰੱਖਿਆ ਨੀਂਹ ਪੱਥਰ
ਕੈਬਨਿਟ ਮੰਤਰੀ ਗੁਰਕਿਰਤ ਸਿੰਘ ਕੋਟਲੀ ਵੱਲੋਂ ਖੰਨਾ ਵਿਖੇ ਮਾਰਕਫੈੱਡ ਦੇ ਵਨਾਸਪਤੀ ਤੇ ਰਿਫਾਇੰਡ ਤੇਲਾਂ ਦੇ ਆਧੁਨਿਕ ਪਲਾਂਟ ਦਾ ਰੱਖਿਆ ਨੀਂਹ ਪੱਥਰ
- ਕਿਹਾ! ਪਲਾਂਟ ਲੱਗਣ ਨਾਲ ਜਿੱਥੇ ਘਿਉ ਦੀ ਚੰਗੀ ਗੁਣਵੱਤਾ ਬਣੇਗੀ, ਲਾਗਤ ਵਿੱਚ ਕਮੀ ਤੇ ਉਤਪਾਦਨ ਚੋਂ ਵੀ ਹੋਵੇਗਾ ਵਾਧਾ
- ਇਲਾਕੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਦਾ ਵੀ ਮਿਲੇਗਾ ਮੌਕਾ
ਦਵਿੰਦਰ ਡੀ.ਕੇ,ਖੰਨਾ (ਲੁਧਿਆਣਾ), 15 ਦਸੰਬਰ (2021)
ਕੈਬਨਿਟ ਮੰਤਰੀ ਪੰਜਾਬ ਸ. ਗੁਰਕੀਰਤ ਸਿੰਘ ਕੋਟਲੀ ਵੱਲੋਂ ਅੱਜ ਖੰਨਾ ਵਿੱਖੇ ਮਾਰਕਫ਼ੈੱਡ ਦੇ ਅਤਿ ਆਧੁਨਿਕ ਵਨਾਸਪਤੀ ਅਤੇ ਰਿਫਾਇੰਡ ਤੇਲਾਂ ਦੇ ਪਲਾਂਟ ਦਾ ਨੀਂਹ ਪੱਥਰ ਰੱਖਿਆ।
ਇਹ ਨਵਾਂ ਅਤਿ ਆਧੁਨਿਕ ਵਨਾਸਪਤੀ ਅਤੇ ਰਿਫਾਇੰਡ ਤੇਲਾਂ ਦਾ ਪਲਾਂਟ ਤਕਰੀਬਨ 23 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ।
ਸਮਾਗਮ ਮੌਕੇ ਹਲਕਾ ਪਾਇਲ ਵਿਧਾਇਕ ਸ. ਲਖਬੀਰ ਸਿੰਘ ਲੱਖਾ, ਵਧੀਕ ਮੁੱਖ ਸਕੱਤਰ ਪੰਜਾਬ ਸ਼੍ਰੀ ਅਨੁਰਾਗ ਅਗਰਵਾਲ, ਪ੍ਰਬੰਧਕ ਨਿਰਦੇਸ਼ਕ ਮਾਰਕਫ਼ੈੱਡ ਸ਼੍ਰੀ ਵਰੂਣ ਰੂਜਮ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸ. ਯਾਦਵਿੰਦਰ ਸਿੰਘ ਜੰਡਿਆਲੀ ਤੋਂ ਇਲਾਵਾ ਮਾਰਕਫ਼ੈੱਡ ਦੇ ਸਮੂਹ ਡਾਇਰੈਕਟਰ ਸਾਹਿਬਾਨ ਵੀ ਮੌਜੂਦ ਰਹੇ।
ਕੈਬਨਿਟ ਮੰਤਰੀ ਸ। ਗੁਰਕੀਰਤ ਸਿੰਘ ਕੋਟਲੀ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਆਧੁਨਿਕ ਪਲਾਂਟ ਲੱਗਣ ਨਾਲ ਜਿੱਥੇ ਘਿਉ ਦੀ ਚੰਗੀ ਗੁਣਵੱਤਾ ਬਣੇਗੀ ਉਸ ਦੇ ਨਾਲ-ਨਾਲ ਲਾਗਤ ਵਿੱਚ ਕਮੀ ਅਤੇ ਉਤਪਾਦਨ ਵਿੱਚ ਵਾਧਾ ਹੋਵੇਗਾ। ਇਸ ਪਲਾਂਟ ਦੇ ਲੱਗਣ ਨਾਲ ਲੋਕਾਂ ਨੂੰ ਰੋਜ਼ਗਾਰ ਦਾ ਮੌਕਾ ਵੀ ਮਿਲੇਗਾ।
ਕੈਬਨਿਟ ਮੰਤਰੀ ਸ. ਕੋਟਲੀ ਨੇ ਅੱਗੇ ਕਿਹਾ ਕਿ ਵਨਸਪਤੀ ਅਤੇ ਰਿਫਾਇੰਡ ਤੇਲ ਪੈਦਾ ਕਰਨ ਵਾਲਾ ਮਾਰਕਫੈੱਡ ਦਾ ਖੰਨਾ ਪਲਾਂਟ 5 ਦਹਾਕਿਆਂ ਤੋਂ ਵੀ ਵੱਧ ਪੁਰਾਣਾ ਹੈ ਅਤੇ ਇਸ ਨੂੰ ਤਕਨੀਕੀ ਅਪਗ੍ਰੇਡ ਕਰਨ ਦੀ ਵੀ ਲੋੜ ਹੈ। ਮਜ਼ਬੂਤ ਬ੍ਰਾਂਡ ਨਾਮ ਅਤੇ ਖਪਤਕਾਰਾਂ ਦੀ ਵਨਸਪਤੀ ਤੋਂ ਰਿਫਾਇੰਡ ਆਇਲ ਵਿੱਚ ਤਬਦੀਲੀ ਨੂੰ ਧਿਆਨ ਵਿੱਚ ਰੱਖਦੇ ਹੋਏ, ਪੰਜਾਬ ਸਰਕਾਰ ਨੇ 100 ਮੀਟ੍ਰਿਕ ਟਨ ਵਨਸਪਤੀ ਅਤੇ 110 ਮੀਟ੍ਰਿਕ ਟਨ ਪਾਮ ਆਇਲ ਫਿਜ਼ੀਕਲ ਰਿਫਾਇਨਰੀ ਦੀ ਸਮਰੱਥਾ ਵਾਲੇ ਆਧੁਨਿਕ ਵਨਾਸਪਤੀ ਅਤੇ ਰਿਫਾਇੰਡ ਆਇਲ ਯੂਨਿਟ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਖੰਨਾ ਪਲਾਂਟ ਵਿਖੇ ਵਨਸਪਤੀ ਅਤੇ ਰਿਫਾਇੰਡ ਤੇਲ ਦਾ ਉਤਪਾਦਨ ਹੋਵੇਗਾ ਅਤੇ ਇਹ ਪਲਾਂਟ 15 ਮਹੀਨਿਆਂ ਵਿੱਚ ਪੂਰਾ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਉਤਪਾਦਨ ਦੀ ਉੱਚ ਸਮਰੱਥਾ ਦੇ ਨਾਲ ਹੋਰ ਰਾਜ ਸਰਕਾਰਾਂ ਨਾਲ ਗੱਠਜੋੜ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਪੰਜਾਬ ਦੇ ਕੁਦਰਤੀ ਤੇਲ (ਸਰ੍ਹੋਂ ਦਾ ਤੇਲ, ਕਪਾਹ ਦਾ ਤੇਲ, ਰਾਈਸ ਬ੍ਰੈਨ ਆਇਲ) ਦੀ ਪ੍ਰੋਸੈਸਿੰਗ ਕਰਕੇ ਪੰਜਾਬ ਦੇ ਕਿਸਾਨ ਆਪਣੇ ਤੇਲ ਬੀਜਾਂ ਦੇ ਪੱਕੇ ਭਾਅ ਪ੍ਰਾਪਤ ਕਰਨ ਦੇ ਯੋਗ ਹੋਣਗੇ ਅਤੇ ਮਾਰਕਫ਼ੈੱਡ ਵੱਲੋਂ ਇਸ ਦੀ ਪ੍ਰੋਸੈਸਿੰਗ ਲਈ ਤੇਲ ਬੀਜਾਂ ਦੀ ਖਰੀਦ ਕੀਤੀ ਜਾਵੇਗੀ ਜਿਸ ਨਾਲ ਕਿਸਾਨਾਂ ਨੂੰ ਝੋਨੇ ਦੀ ਕਾਸ਼ਤ ਤੋਂ ਰਾਹਤ ਮਿਲੇਗੀ।
ਇਸ ਮੌਕੇ ਚੇਅਰਮੈਨ ਬਲਾਕ ਸੰਮਤੀ ਸ. ਸਤਨਾਮ ਸਿੰਘ ਸੋਨੀ, ਚੇਅਰਮੈਨ ਮਾਰਕਿਟ ਕਮੇਟੀ ਸ. ਗੁਰਦੀਪ ਸਿੰਘ, ਚੇਅਰਮੈਨ ਬੇਅੰਤ ਸਿੰਘ ਜੱਸੀ, ਉਪ-ਮੰਡਲ ਮੈਜਿਸਟ੍ਰੇਟ ਸ੍ਰੀਮਤੀ ਮਨਜੀਤ ਕੌਰ, ਰੁਪਿੰਦਰ ਸਿੰਘ ਰਾਜਾ, ਸਿਆਸੀ ਸਕੱਤਰ ਸ. ਹਰਿੰਦਰ ਸਿੰਘ ਕਨੇਚ, ਸਾਬਕਾ ਪ੍ਰਧਾਨ ਨਗਰ ਕੌਂਸਲ ਸ੍ਰੀ ਵਿਕਾਸ ਮਹਿਤਾ, ਸ੍ਰੀ ਅਮਿਤ ਤਿਵਾੜੀ, ਸ. ਗੁਰਮੱਖ ਸਿੰਘ ਚਾਹਲ, ਮਾਰਕਫੈੱਡ ਜਨਰਲ ਮਨੇਜਰ ਰਵਿੰਦਰ ਸ਼ਰਮਾ ਤੇ ਹੋਰ ਹਾਜ਼ਰ ਸਨ।