ਕੈਂਸਰ ਦੀ ਰੋਕਥਾਮ ਲਈ ਹਰ ਨਾਗਰਿਕ ਦਾ ਜਾਗਰੂਕ ਹੋਣਾ ਜ਼ਰੂਰੀ- ਵਿਜੈ ਇੰਦਰ ਸਿੰਗਲਾ
ਕੈਂਸਰ ਦੀ ਰੋਕਥਾਮ ਲਈ ਹਰ ਨਾਗਰਿਕ ਦਾ ਜਾਗਰੂਕ ਹੋਣਾ ਜ਼ਰੂਰੀ- ਵਿਜੈ ਇੰਦਰ ਸਿੰਗਲਾ
- ਸਾਈਕਲੋਥੋਨ ਤੋਂ ਪਹਿਲਾਂ ਮੌਨ ਧਾਰਨ ਕਰਕੇ ਸ਼ਹੀਦ ਵਰਿੰਦਰ ਸਿੰਘ ਨੂੰ ਨਿੱਘੀ ਸ਼ਰਧਾਂਜਲੀ ਭੇਟ
ਪਰਦੀਪ ਕਸਬਾ,ਸੰਗਰੂਰ, 2 ਜਨਵਰੀ 2022
ਹੋਮੀ ਭਾਬਾ ਕੈਂਸਰ ਹਸਪਤਾਲ, ਸੰਗਰੂਰ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸਹਿਯੋਗ ਨਾਲ ਕੈਂਸਰ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਆਯੋਜਿਤ ਸਾਈਕਲੋਥੋਨ ਦੀ ਰਸਮੀ ਸ਼ੁਰੂਆਤ ਤੋਂ ਪਹਿਲਾਂ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਛੱਤੀਸਗੜ੍ਹ ਵਿਖੇ ਨਕਸਲਬਾੜੀ ਮੁਠਭੇੜ ਦੌਰਾਨ ਸ਼ਹਾਦਤ ਦਾ ਜਾਮ ਪੀਣ ਵਾਲੇ ਲਹਿਰਾਗਾਗਾ ਦੇ ਜਾਂਬਾਜ਼ ਕਮਾਂਡੋ ਜਵਾਨ ਸ੍ਰ. ਵਰਿੰਦਰ ਸਿੰਘ ਦੀ ਕੁਰਬਾਨੀ ਨੂੰ ਸਲਾਮ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ। ਸ਼੍ਰੀ ਸਿੰਗਲਾ ਨੇ ਕਿਹਾ ਦੇਸ਼ ਦੀ ਆਨ ਅਤੇ ਸ਼ਾਨ ਨੂੰ ਬਰਕਰਾਰ ਰੱਖਣ ਲਈ ਆਪਣੀ ਜਾਨ ਵਾਰਨ ਵਾਲੇ ਇਸ ਸਪੂਤ ਦੀ ਕੁਰਬਾਨੀ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਇਸ ਦੌਰਾਨ ਵੱਡੀ ਸਕਰੀਨ ਰਾਹੀਂ ਇਸ ਯੋਧੇ ਦੀਆਂ ਤਸਵੀਰਾਂ ਦਿਖਾ ਕੇ ਮਹਾਨ ਸ਼ਹਾਦਤ ਨੂੰ ਸਿਜਦਾ ਕੀਤਾ ਗਿਆ।
ਇਸ ਉਪਰੰਤ ਸਰਕਾਰੀ ਰਣਬੀਰ ਕਾਲਜ ਤੋਂ ਹੀ ਇੱਕ ਵਿਸ਼ਾਲ ਸਾਈਕਲੋਥੋਨ ਆਰੰਭ ਹੋਈ ਜਿਸ ਨੂੰ ਕੈਬਨਿਟ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਸਮਾਗਮ ਵਿੱਚ ਚਾਰ ਹਜ਼ਾਰ ਤੋਂ ਵੱਧ ਵਾਲੰਟੀਅਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ।
ਇਸ ਮੌਕੇ ਹੋਮੀ ਭਾਬਾ ਕੈਂਸਰ ਹਸਪਤਾਲ ਸੰਗਰੂਰ ਦੇ ਡਾਇਰੈਕਟਰ ਪ੍ਰੋ. ਰਾਕੇਸ਼ ਕਪੂਰ ਨੇ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਲੋਕਾਂ ਨੂੰ ਕੈਂਸਰ ਦੀ ਮੁਢਲੇ ਪੜਾਅ ਉੱਤੇ ਹੀ ਪਛਾਣ ਕਰਨ ਅਤੇ ਇਸ ਨਾਲ ਲੜਨ ਦੇ ਸਭ ਤੋਂ ਪ੍ਰਭਾਵਸ਼ਾਲੀ ਤਰੀਕਿਆਂ ਬਾਰੇ ਜਾਗਰੂਕ ਕੀਤਾ ਜਾਵੇ। ਉਨ੍ਹਾਂ ਸੰਗਰੂਰ ਵਿੱਚ ਮੁਢਲੇ ਪੜਾਅ ਉੱਤੇ ਹੀ ਖੋਜ ਦੇ ਪ੍ਰੋਗਰਾਮ ਦੀ ਅਗਵਾਈ ਕਰ ਰਹੇ ਆਪਣੇ ਸਾਥੀਆਂ ਅਤੇ ਇਸ ਸਬੰਧ ਵਿੱਚ ਕੀਤੇ ਗਏ ਪ੍ਰਭਾਵਸ਼ਾਲੀ ਕਾਰਜ ਲਈ ਵਧਾਈ ਦਿੱਤੀ। ਇਸ ਦੌਰਾਨ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸਾਰੀਆਂ ਉੱਘੀਆਂ ਸ਼ਖ਼ਸੀਅਤਾਂ ਨੇ ਕੈਂਸਰ ਸਬੰਧੀ ਜਾਗਰੂਕਤਾ ਦੀ ਲੋੜ `ਤੇ ਜ਼ੋਰ ਦਿੱਤਾ।
ਇਸ ਉਪਰੰਤ ਉਨ੍ਹਾਂ ਨੇ ਹੋਮੀ ਭਾਬਾ ਕੈਂਸਰ ਹਸਪਤਾਲ ਵੱਲੋਂ ਸੰਗਰੂਰ ਦੇ ਲੋਕਾਂ ਲਈ ਵਧੀਆ ਗੁਣਵੱਤਾ ਵਾਲੇ ਇਲਾਜ ਨੂੰ ਯਕੀਨੀ ਬਣਾਉਣ ਲਈ ਚੁੱਕੇ ਗਏ ਕਦਮਾਂ ਬਾਰੇ ਵਿਸਥਾਰ ਵਿੱਚ ਦੱਸਿਆ। ਸਿੰਗਲਾ ਨੇ ਕਿਹਾ ਕਿ ਇਹ ਵਧੀਆ ਗੱਲ ਹੈ ਕਿ ਪੂਰੇ ਭਾਰਤ ਦੇ ਵਧੀਆ ਡਾਕਟਰ ਇੱਥੇ ਕੰਮ ਕਰ ਰਹੇ ਹਨ ਅਤੇ ਮਰੀਜ਼ਾਂ ਲਈ ਸਭ ਤੋਂ ਵਧੀਆ ਅਤੇ ਅੰਤਰਰਾਸ਼ਟਰੀ ਮਿਆਰਾਂ ਦਾ ਕੈਂਸਰ ਦਾ ਇਲਾਜ ਉਪਲਬਧ ਹੈ। ਉਨ੍ਹਾਂ ਕਿਹਾ ਕਿ 95 ਫੀਸਦੀ ਤੱਕ ਮਰੀਜ਼ਾਂ ਨੇ ਮੁਫਤ ਇਲਾਜ ਪ੍ਰਾਪਤ ਕੀਤਾ ਅਤੇ ਇੱਥੋਂ ਤੱਕ ਕਿ ਦਵਾਈਆਂ ਵੀ 70 ਫੀਸਦੀ ਛੋਟ `ਤੇ ਉਪਲਬਧ ਹਨ, ਜਿਸ ਨਾਲ ਇਹ ਯਕੀਨੀ ਬਣਾਇਆ ਗਿਆ ਕਿ ਗਰੀਬ ਲੋਕਾਂ ਨੂੰ ਵੀ ਸੰਗਰੂਰ ਵਿੱਚ ਵਧੀਆ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਦੀ ਪਹੁੰਚ ਹੋਵੇ।ਡਾ. ਰਾਕੇਸ਼ ਕਪੂਰ ਨੇ ਸਿੰਗਲਾ ਦੀ ਸੰਗਰੂਰ ਦੇ ਲੋਕਾਂ ਦੀ ਸੇਵਾ ਲਈ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸੰਗਰੂਰ ਇਸ ਖੇਤਰ ਦੀ ਸਭ ਤੋਂ ਮੋਹਰੀ ਇਕਾਈ ਬਣ ਗਿਆ ਹੈ, ਜਿੱਥੇ ਵੱਖ-ਵੱਖ ਰਾਜਾਂ ਤੋਂ ਲੋਕ ਇਲਾਜ ਲਈ ਆਉਂਦੇ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਤੋਂ ਇਲਾਵਾ ਸੰਗਰੂਰ ਵਿੱਚ ਇੱਕੋ ਇੱਕ ਪੀ ਜੀ ਆਈ ਸੈਟੇਲਾਈਟ ਸੈਂਟਰ, ਮੁੰਬਈ ਤੋਂ ਬਾਹਰ ਇੱਕੋ ਇੱਕ ਹੋਮੀ ਭਾਬਾ ਕੈਂਸਰ ਹਸਪਤਾਲ ਹੈ ਅਤੇ ਹੁਣ ਘਾਬਦਾਂ ਵਿਖੇ ਇੱਕ ਨਵਾਂ ਸਰਕਾਰੀ ਮੈਡੀਕਲ ਕਾਲਜ ਸਥਾਪਤ ਕੀਤਾ ਜਾ ਰਿਹਾ ਹੈ।
ਸ਼੍ਰੀ ਸਿੰਗਲਾ ਨੇ ਕਿਹਾ ਕਿ ਇਸ ਵਿੱਚ ਸਭ ਤੋਂ ਵੱਧ ਯੋਗਦਾਨ ਡਾਕਟਰਾਂ ਨੇ ਪਾਇਆ ਹੈ ਅਤੇ ਉਹ ਬਹੁਤ ਖੁਸ਼ ਹਨ ਕਿ ਉਹ ਸੰਗਰੂਰ ਦੇ ਲੋਕਾਂ ਦੀ ਸੇਵਾ ਕਰਨ ਦੇ ਯੋਗ ਹੋ ਕੇ ਅਤਿ ਆਧੁਨਿਕ ਅਤੇ ਨਿਰਵਿਘਨ ਅਤੇ ਮੁਸ਼ਕਲ ਰਹਿਤ ਸਿਹਤ ਸੰਭਾਲ ਨੂੰ ਯਕੀਨੀ ਬਣਾਉਣ ਲਈ ਬੁਨਿਆਦੀ ਢਾਂਚਾ ਦੇਣ ਵਿੱਚ ਮਦਦ ਕਰ ਸਕੇ।
ਕੈਬਨਿਟ ਮੰਤਰੀ ਸਿੰਗਲਾ ਦੇ ਨਾਲ ਐਸਐਸਪੀ ਸ੍ਰੀ ਸਵਪਨ ਸ਼ਰਮਾ, ਸ਼੍ਰੀ ਮੋਹਿਲ ਸਿੰਗਲਾ, ਹੋਮੀ ਭਾਬਾ ਕੈਂਸਰ ਹਸਪਤਾਲ ਦੇ ਡਾਇਰੈਕਟਰ, ਆਈਐਮਏ ਦੇ ਨੁਮਾਇੰਦਿਆਂ ਨੇ ਸਾਈਕਲੋਥੋਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਸਾਈਕਲੋਥੋਨ ਦੀ ਸਮਾਪਤੀ ਤੋਂ ਬਾਅਦ, ਸ੍ਰੀ ਸਿੰਗਲਾ ਨੇ ਨੌਜਵਾਨਾਂ ਨੂੰ ਮੈਡਲ ਪ੍ਰਦਾਨ ਕੀਤੇ ਤਾਂ ਜੋ ਉਨ੍ਹਾਂ ਦੇ ਅਜਿਹੇ ਚੰਗੇ ਕੰਮ ਲਈ ਦਿਖਾਈ ਦਿੱਤੇ ਜੋਸ਼ ਨੂੰ ਪਛਾਣਿਆ ਜਾ ਸਕੇ। ਇਸ ਮੌਕੇ ਕੈਂਸਰ ਜਾਗਰੂਕਤਾ ਬਾਰੇ ਵੱਖ-ਵੱਖ ਸਕਿੱਟਾਂ ਦੀ ਪੇਸ਼ਕਾਰੀ ਵੀ ਕੀਤੀ ਗਈ। ਸੰਗਰੂਰ ਦੇ ਲੋਕਾਂ ਨੇ ਕੈਂਸਰ ਬਾਰੇ ਜਾਗਰੂਕਤਾ ਫੈਲਾਉਣ ਅਤੇ ਇਸ ਦੀ ਜਲਦੀ ਪਛਾਣ ਲਈ ਜਾਗਰੂਕਤਾ ਫੈਲਾਉਣ ਅਤੇ ਇਸ ਦਾ ਮੁਕਾਬਲਾ ਕਰਨ ਲਈ ਭਰਪੂਰ ਸਹਿਯੋਗ ਦਿੱਤਾ।