ਕੇਵਲ ਸਿੰਘ ਢਿੱਲੋਂ ਦੀ ਅਗਵਾਈ ‘ਚ ਨਵਜੋਤ ਸਿੰਘ ਸਿੱਧੂ ਦੀ ਰੈਲੀ ਨੇ ਧਾਰਿਆ ਮਹਾਂ ਰੈਲੀ ਦਾ ਰੂਪ
ਕੇਵਲ ਸਿੰਘ ਢਿੱਲੋਂ ਦੀ ਅਗਵਾਈ ‘ਚ ਨਵਜੋਤ ਸਿੰਘ ਸਿੱਧੂ ਦੀ ਰੈਲੀ ਨੇ ਧਾਰਿਆ ਮਹਾਂ ਰੈਲੀ ਦਾ ਰੂਪ
* ਕੇਵਲ ਸਿੰਘ ਢਿੱਲੋਂ ਦੀ ਕਾਂਗਰਸ ਪਾਰਟੀ ਦੀ ਟਿਕਟ ਅਤੇ ਜਿੱਤ ਤੇ ਨਵਜੋਤ ਸਿੰਘ ਸਿੱਧੂ ਨੇ ਲਗਾਈ ਮੋਹਰ
* ਕੇਜਰੀਵਾਲ ਰੂਪੀ ਕੋਰੋਨਾ ਨੂੰ ਬਰਨਾਲਾ ਦੇ ਲੋਕ ਐਤਕੀਂ ਭਜਾ ਕੇ ਹੀ ਦਮ ਲੈਣਗੇ – ਕੇਵਲ ਸਿੰਘ ਢਿੱਲੋਂ
ਸੋਨੀ ਪਨੇਸਰ,ਬਰਨਾਲਾ 6 ਜਨਵਰੀ 2022
ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਬਰਨਾਲਾ ਦੀ ਦਾਣਾ ਮੰਡੀ ਵਿੱਚ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਰੱਖੀ ਗਈ ਰੈਲੀ ਨੇ ਮਹਾਂ ਰੈਲੀ ਦਾ ਰੂਪ ਧਾਰ ਲਿਆ। ਬਰਨਾਲਾ ਸ਼ਹਿਰ ਸਮੇਤ ਹਲਕੇ ਦੇ ਪਿੰਡਾਂ ਵਿੱਚੋਂ 30 ਹਜ਼ਾਰ ਤੋਂ ਵੱਧ ਲੋਕ ਇਸ ਮਹਾਂ ਰੈਲੀ ਵਿੱਚ ਪੁੱਜੇ। ਸੈਂਕੜੇ ਬੱਸਾਂ, ਕਾਰਾਂ ਅਤੇ ਹੋਰ ਸਾਧਨਾਂ ਤੇ ਲੋਕ ਇਸ ਰੈਲੀ ਵਿੱਚ ਸ਼ਾਮਲ ਹੋਏ। ਕੇਵਲ ਸਿੰਘ ਢਿੱਲੋਂ ਦੇ ਇੱਕ ਸੱਦੇ ਤੇ ਹਜ਼ਾਰਾਂ ਦੇ ਹੋਏ ਇਸ ਇਕੱਠ ਨੇ ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਤੇ ਮੋਹਰ ਲਗਾ ਦਿੱਤੀ। ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਦਿੱਤੇ ਥਾਪੜੇ ਨੇ ਕੇਵਲ ਸਿੰਘ ਢਿੱਲੋਂ ਦੀ ਬਰਨਾਲਾ ਤੋਂ ਕਾਂਗਰਸ ਪਾਰਟੀ ਦੀ ਟਿਕਟ ਵੀ ਕਲੀਅਰ ਕਰ ਦਿੱਤੀ।
ਇਸ ਮੌਕੇ ਸੰਬੋਧਨ ਦੌਰਾਨ ਨਵਜੋਤ ਸਿੱਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੀਜੇਪੀ ਦੀ ਫਿ਼ਰੋਜਪੁਰ ਦੀ ਫ਼ਲੌਪ ਹੋਈ ਰੈਲੀ ‘ਤੇ ਤੰਜ਼ ਕੱਸਦਿਆਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨੂੰ ਸੁਨਣ 500 ਲੋਕ ਆਉਂਦੇ ਹਨ ਤਾਂ ਸਾਡੇ ਸ਼ੇਰ ਕੇਵਲ ਸਿੰਘ ਢਿੱਲੋਂ ਦੇ ਇੱਕ ਸੱਦੇ ਤੇ 30 ਹਜ਼ਾਰ ਲੋਕ ਆਏ ਹਨ। ਇੱਕ ਵਾਰ ਕੇਵਲ ਸਿੰਘ ਢਿੱਲੋਂ ਨੂੰ ਐਮ.ਐਲ.ਏ ਬਣਾ ਦਿਉ ਕੈਬਨਿਟ ਦਾ ਵਜ਼ੀਰ ਬਨਾਉਣ ਦਾ ਕੰਮ ਸਾਡਾ ਹੋਵੇਗਾ। ਉਹਨਾਂ ਕਿਹਾ ਕਿ ਜੇ ਕੇਵਲ ਢਿੱਲੋਂ ਨੂੰ ਤੁਸੀਂ ਜਿਤਾ ਦਿੱਤਾ, ਤਾਂ ਨਵਜੋਤ ਸਿੰਘ ਸਿੱਧੂ ਬਰਨਾਲਾ ਦੇ ਲੋਕਾਂ ਦਾ ਧੰਨਵਾਦ ਕਰਨ ਲਈ ਏਸੇ ਰੈਲੀ ਵਾਲੀ ਜਗ੍ਹਾ ਤੇ ਮੁੜ ਧੰਨਵਾਦੀ ਰੈਲੀ ਕਰੇਗਾ। ਮੇਰੀ ਯਾਰੀ ਪੱਕੀ ਹੈ ਕੇਵਲ ਸਿੰਘ
ਢਿੱਲੋਂ ਵੱਡੇ ਭਰਾ ਨਾਲ। ਮੈਂ ਆਪਣੀ ਭਰਜਾਈ ਦੇ ਗੋਡੇ ਹੱਥ ਲਾਉਂਦਾ ਹਾਂ। ਨਵਜੋਤ ਸਿੱਧੂ ਨੇ ਕੇਵਲ ਸਿੰਘ ਢਿੱਲੋਂ ਦੀ ਬਾਂਹ ਖੜੀ ਕਰਕੇ ਕੇਵਲ ਸਿੰਘ ਢਿੱਲੋਂ ਦੀ ਜਿੱਤ ਲਈ ਵਿੱਚ ਰੈਲੀ ਚ ਪਹੁੰਚੇ ਲੋਕਾਂ ਤੋਂ ਆਕਾਸ਼ ਗੂੰਜਾਊ ਨਾਅਰਾ ਲਵਾਇਆ।
ਰੈਲੀ ਦੌਰਾਨ ਪ੍ਰਧਾਨ ਸਿੱਧੂ ਨੇ ਬਾਦਲਾਂ, ਕੇਜਰੀਵਾਲ, ਕੈਪਟਨ ਅਤੇ ਬੀਜੇਪੀ ਤੇ ਜੰਮ ਕੇ ਨਿਸ਼ਾਨੇ ਸਾਧੇ। ਸਿੱਧੂ ਨੇ ਕਿਹਾ ਕਿ ਬੀਤੇ ਕੱਲ੍ਹ ਬੀਜੇਪੀ ਦੀ ਫਿ਼ਰੋਜਪੁਰ ਰੈਲੀ ਫ਼ੇਲ੍ਹ ਸਾਬਤ ਹੋਈ ਹੈ। ਬੀਜੇਪੀ ਦੀ ਰੈਲੀ ਵਿੱਚ 70 ਹਜ਼ਾਰ ਕੁਰਸੀਆਂ ਦਾ ਪ੍ਰਬੰਧ ਕੀਤਾ ਸੀ, ਜਦਕਿ ਬੰਦਾ 500 ਵੀ ਨਹੀਂ ਪੁੱਜਿਆ। ਕੈਪਟਨ ਅਮਰਿੰਦਰ ਸਿੰਘ ਖਾਲੀ ਕੁਰਸੀਆਂ ਨੂੰ ਹੀ ਭਾਸ਼ਣ ਦਿੰਦੇ ਰਹੇ। ਪ੍ਰਧਾਨ ਮੰਤਰੀ ਹੁਣ 500 ਬੰਦਿਆਂ ਨੂੰ ਕਿਵੇਂ ਲੈਕਚਰ ਦਿੰਦਾ, ਇਸੇ ਕਾਰਨ ਰੈਲੀ ਰੱਦ ਕਰਨੀ ਪੈ ਗਈ। ਉਹਨਾਂ ਕਿਹਾ ਕਿ ਇੱਕ ਸਾਲ ਤੋਂ ਵੱਧ ਸਾਡੇ ਕਿਸਾਨ ਅਤੇ ਪੰਜਾਬ ਦੀ ਪੱਗ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਰਹੇ। ਪਰ ਕਿਸੇ ਨੂੰ ਕੋਈ ਦਿਖਾਈ ਨਾ ਦਿੱਤਾ ਅਤੇ ਪਰ ਕੱਲ੍ਹ ਜਦੋਂ ਮੋਦੀ ਸਾਬ ਕੁੱਝ ਨੁੰ ਕੁੱਝ ਮਿੰਟ ਰੋਕਣਾ ਪੈ ਗਿਆ ਤਾਂ ਤਕਲੀਫ਼ ਹੋ ਗਈ। ਮੋਦੀ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਦੀ ਪੱਗ ਰੋਲਣ ਦੀ ਕੋਸਿ਼ਸ਼ ਕੀਤੀ, ਜਿਸਦੇ ਕਰਕੇ ਅੱਂਜ ਪੰਜਾਬ ਦੇ ਲੋਕ ਇਹਨਾਂ ਨੂੰ ਮੂੰਹ ਨਹੀਂ ਲਗਾ ਰਹੇ। ਸਰਕਾਰ ਨੇ ਖੇਤੀ ਕਾਨੂੰਨ ਰੱਦ ਨਹੀਂ ਕੀਤੇ, ਬਲਕਿ ਕਿਸਾਨਾਂ ਨੇ ਸਰਕਾਰ ਦੇ ਗਲ ਵਿੱਚ ਗੂਠਾ ਦੇ ਕੇ ਕਾਨੂੰਨ ਰੱਦ ਕਰਵਾਏ ਹਨ। ਬੀਜੇਪੀ ਅਤੇ ਇਸਦੇ ਸਮੱਰਥਕ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸਿ਼ਸ ਕਰਨ ਵਿੱਚ ਲੱਗੇ ਹਨ। ਇਹਨਾਂ ਦਾ ਕੋਈ ਪੰਜਾਬ ਵਿੱਚ ਆਧਾਰ ਨਹੀਂ। ਕੱਲ੍ਹ ਸਾਰੀ ਬੀਜੇਪੀ ਕੈਪਟਨ ਅਮਰਿੰਦਰ ਸਿੰਘ ਫ਼ੇਲ੍ਹ ਹੋਏ ਹਨ।
ਨਵਜੋਤ ਸਿੱਧੂ ਨੇ ਕਿਹਾ ਕਿ ਇਸ ਵਾਰ ਪੰਜਾਬ ਇਹ ਚੋਣ ਆਪਣੀਆਂ ਪੀੜ੍ਹੀਆਂ ਲਈ ਚੋਣ ਲੜ ਰਿਹਾ ਹੈ। ਕਿਸਾਨਾਂ ਅਤੇ ਨੌਜਵਾਨਾਂ ਦੇ ਚੰਗੇ ਭਵਿੱਖ ਲਈ ਚੋਣ ਹੋਵੇਗੀ। ਸਿੱਧੂ ਨੇ ਕਿਹਾ ਕਿ ਜਾਂ ਤਾਂ ਪੰਜਾਬ ਰਹੇਗਾ ਜਾਂ ਮਾਫ਼ੀਆ ਰਹੇਗਾ। ਕਿਉਂਕਿ ਜੇਕਰ ਮਾਫੀਆ ਚਲਾਉਣ ਵਾਲੇ ਮੁੱਖ ਮੰਤਰੀ ਰਹਿ ਗਏ ਤਾ ਪੰਜਾਬ ਸੂਬਾ ਸਾਡੇ ਰਹਿਣ ਯੋਗ ਨਹੀਂ ਰਹਿਣਾ।
ਕੈਪਟਨ, ਕੇਜਰੀਵਾਲ, ਬੀਜੇਪੀ ਅਤੇ ਬਾਦਲ ਸਾਰੇ ਇੱਕੋ ਬੋਲੀ ਬੋਲਦੇ ਹਨ ਕੈਪਟਨ, ਬੀਜੇਪੀ ਅਤੇ ਬਾਦਲ ਸਾਰੇ ਇੱਕੋ ਬੋਲੀ ਬੋਲਦੇ ਹਨ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ, ਬੀਜੇਪੀ ਅਤੇ ਸੁਖਬੀਰ ਬਾਦਲ ਇੱਕੋ ਬੋਲੀ ਬੋਲ ਰਹੇ ਹਨ, ਜੋ ਨਰਿੰਦਰ ਮੋਦੀ ਦੀ ਹੈ। ਭਾਜਪਾ ਚੋਣਾਂ ਮੌਕੇ ਹਮੇਸ਼ਾ ਲੋਕਾਂ ਨੂੰ ਮੁੱਦਿਆਂ ਤੋਂ ਭਟਕਾਉ਼ਂਦੀ ਹੈ। ਪੰਜਾਬ ਦੇ ਅਸਲ ਮੁੱਦੇ ਨੈਸ਼ਨਲ ਸੁਰੱਖਿਆ ਦੀ ਭੇਂਟ ਚੜਾ ਦਿੱਤੇ ਜਾਂਦੇ ਹਨ। ਸੂਬੇ ਵਿੱਚ ਪੰਜ ਸਾਲਾਂ ਤੋਂ ਅਮਨ ਸ਼ਾਂਤੀ ਹੈ, ਪਰ ਚੋਣਾਂ ਦੇ ਆਖਰੀ ਮਹੀਨੇ ਆ ਕੇ ਕਦੇ ਬੰਬ ਚੱਲਦੇ ਹਨ ਅਤੇ ਕਦੇ ਗੁਰੂ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ। ਪਰ ਬੀਜੇਪੀ ਦੀ ਇਹ ਫਿ਼ਰਕੂ ਸੋਚ ਪੰਜਾਬ ਦੇ ਲੋਕ ਹਨ, ਇੱਕ ਹਨ ਅਤੇ ਰਹਿਣਗੇ। ਇਸਨੂੰ ਤੋੜਿਆ ਨਹੀਂ ਜਾ ਸਕਦਾ। ਉਹਨਾਂ ਕਿਹਾ ਕਿ ਜਦੋਂ ਉਹ ਕਰਤਾਰਪੁਰ ਸਾਹਿਬ ਗਏ ਸਨ ਤਾਂ ਵਿਰੋਧੀਆਂ ਨੇ ਬੜਾ ਰੌਲਾ ਪਾਇਆ ਅਤੇ ਸਾਰਿਆਂ ਦੇ ਮਿਰਚਾ ਲੜੀਆ। ਪਰ ਜਦੋਂ ਪ੍ਰਕਾਸ਼ ਸਿੰਘ ਬਾਦਲ ਪਾਕਿਸਤਾਨ ਗਏ ਸਨ ਤਾਂ ਇੱਕ ਭੇਡੂ ਲਿਆਇਆ ਸੀ। ਜਦੋਂ ਕੈਪਟਨ ਅਮਰਿੰਦਰ ਸਿੰਘ ਸੁਲਤਾਨ ਘੋੜਾ ਲਿਆਇਆ ਸੀ। ਪਰ ਜਦੋਂ ਸਿੱਧੂ ਪਾਕਿਸਤਾਨ ਗਿਆ ਸੀ ਤਾਂ ਪੰਜਾਬ ਦੇ ਲੋਕਾਂ ਦੀਆ ਦੁਆਵਾਂ ਅਤੇ ਬਾਬੇ ਨਾਨਕ ਦੀ ਕਿਰਪਾ ਨਾਲ ਕਰਤਾਰਪੁਰ ਸਾਹਿਬ ਦਾ ਲਾਂਘਾਂ ਖੁਲਵਾਇਆ ਸੀ। ਬਾਦਲ, ਕੇਜਰੀਵਾਲ, ਕੈਪਟਨ ਜਾਂ ਕੇਜਰੀਵਾਲ ਨੂੰ ਵੋਟ ਪਾ ਦਿਉ ਤਾਂ ਪਹੁੰਚਣੀ ਇੱਕ ਜਗ੍ਹਾ ਹੀ ਹੈ।
ਕਿਸਾਨਾਂ ਲਈ ਵੱਡੇ ਐਲਾਨ
ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਐਫ਼ਸੀਆਈ , ਪੀਡੀਐਸ, ਐਮਐਸਪੀ ਲਿਆਂਦੀ ਸੀ। ਬੀਜੇਪੀ ਦੀ ਕੇਂਦਰ ਦੀ ਸਰਕਾਰ ਨੇ ਇਹ ਤਿੰਨ ਐਫ਼ਸੀਆਈ , ਪੀਡੀਐਸ, ਐਮਐਸਪੀ ਖ਼ਤਮ ਕਰ ਦਿੱਤੇ। ਇਸ ਨਾਲ ਕਿਸਾਨਾਂ ਨੂੰ ਵੱਡੀ ਮਾਰ ਪਾਈ ਗਈ। ਉਹਨਾਂ ਕਿਹਾ ਕਿ ਐਤਕੀਂ ਪੀਲੀ ਕਰਾਂਤੀ ਪੰਜਾਬ ਵਿੱਚ ਆਵੇਗੀ। ਕਾਂਗਰਸ ਦੀ ਸਰਕਾਰ ਬਨਣ ਤੇ ਪੰਜਾਬ ਦੇ ਕਿਸਾਨਾਂ ਨੂੰ ਦਾਲਾਂ ਅਤੇ ਤੇੇਲ ਬੀਜਾਂ ਉਤੇ ਐਮਐਸਪੀ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਪੰਜਾਬ ਦੇ ਚੌਲਾਂ ਤੋਂ ਰਾਈਸ ਪ੍ਰੋਟੀਨ ਤੇ ਹੋਰ ਪ੍ਰੋਡਕਟ ਤਿਆਰ ਕੀਤੇ ਜਾਣਗੇ। ਕਾਂਗਰਸ ਦੀ ਮੁੜ ਸਰਕਾਰ ਬਨਣ ਤੇ ਹਰ ਜਿਲ੍ਹੇ ਵਿੱਚ ਗੁਰੂ ਨਾਨਕ ਮਾਲ ਖੋਲ੍ਹੇ ਜਾਣਗੇ। ਕਿਸਾਨੀ ਦਾ ਕਿੱਤਾ ਸਾਨੂੰ ਬਾਬੇ ਨਾਨਕ ਨੇ ਦਿੱਤਾ। ਜੇਕਰ ਕਿਸਾਨ ਕਮਜ਼ੋਰ ਹੋਣਗੇ ਤਾਂ ਪੰਜਾਬ ਵੀ ਕਮਜ਼ੋਰ ਹੋਵੇਗਾ। ਇਸ ਲਈ ਪੰਜਾਬ ਦੇ ਕਿਸਾਨਾਂ ਨੂੰ ਖੜੇ ਕਰਾਂਗੇ।
ਕੇਜਰੀਵਾਲ ਨੂੰ ਬਹਿਸ ਦੀ ਚੁਣੌਤੀ
ਨਵਜੋਤ ਸਿੱਧੂ ਨੇ ਕਿਹਾ ਕਿ ਪਿਛਲੀ ਵਾਰ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਨਾਅਰਾ ਦਿੱਤਾ ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ, ਪਰ ਚੋਣਾਂ ਵਿੱਚ ਝਾੜੂ ਖਿਲਰ ਗਿਆ ਅਤੇ ਮੈਂ ਕਿਹਾ ਸੀ ਕੇਜਰੀਵਾਲ ਕੇਜਰੀਵਾਲ ਆਹ ਕੀ ਹੋਇਆ ਤੇਰੇ ਨਾਲ। ਉਹਨਾਂ ਕਿਹਾ ਕਿ ਕੇਜਰੀਵਾਲ ਇੱਕ ਝੂਠਾ ਬੰਦਾ ਹੈ। ਪਿਛਲੀ ਵਾਰ ਵੀ ਝੂਠ ਵੇਚ ਕੇ ਸਰਕਾਰ ਵਿੱਚ ਆਉਣ ਦਾ ਖੁਆਬ ਦੇਖਿਆ ਸੀ। ਸਿੱਧੂ ਨੇ ਕੇਜਰੀਵਾਲ ਨੂੰ ਬਹਿਸ ਦੀ ਮੁੜ ਚੁਣੌਤੀ ਦਿੱਤੀ। ਜਿਹੜੀ ਮਰਜ਼ੀ ਜਗ੍ਹਾ ਤੇ ਪੰਜਾਬੀ ਚਾਹੇ ਹਿੰਦੀ ਵਿੱਚ ਕੇਜਰੀਵਾਲ ਮੇਰੇ ਨਾਲ ਬਹਿਸ ਕਰੇ। ਦਿੱਲੀ ਵਿੱਚ 8 ਲੱਖ ਨੌਕਰੀ ਦੇਣ ਦੀ ਗੱਲ ਕੀਤੀ, ਪਰ ਸਿਰਫ਼ 400 ਨੌਕਰੀਆ ਦਿੱਤੀਆ। ਪੰਜਾਬ ਵਿੱਚ ਬਿਜਲੀ ਫਰੀ ਦੇਣ ਦੀ ਕੇਜਰੀਵਾਲ ਨੇ ਗੱਲ ਕੀਤੀ, ਪਰ ਦਿੱਲੀ ਵਿੱਚ ਕੁੱਝ ਨਹੀਂ ਦਿੱਤਾ। ਪੰਜਾਬ ਤਾਂ ਸਰਕਾਰ ਕਰੋੜਾਂ ਰੁਪਏ ਦੀ ਖੇਤੀ ਲਈ ਕਿਸਾਨਾਂ ਨੂੰ ਬਿਜਲੀ ਸਬਸਿਡੀ ਦੇ ਰਹੀ ਹੈ। ਇਸਦੀਆਂ ਡਰਾਮੇਬਾਜ਼ੀਆ ਨਹੀਂ ਚੱਲਣਗੀਆਂ। ਕੇਜਰੀਵਾਲ ਐਸਵਾਈਐਲ ਤੇ ਆਪਣਾ ਸਟੈਂਡ ਸਪੱਸ਼ਟ ਕਰੇ। ਜੇ ਕੇਜਰੀਵਾਲ ਆ ਗਿਆ ਤਾਂ ਪੰਜਾਬ ਦੇ ਤੱਪੜ ਰੋਲ ਦੇਵੇਗਾ। ਜਿਹੜਾ ਕੇਜਰੀਵਾਲ ਪੰਜਾਬ ਵਿੱਚ ਟੀਚਰਾਂ ਨੂੰ ਟੈਂਕੀਆ ਤੋਂ ਲਾਹੁਣ ਦੀ ਗੱਲ ਕਰਦੈ, ਉਸਦੇ ਦਿੱਲੀ ਰਾਜ ਵਿੱਚ 22 ਹਜ਼ਾਰ ਅਧਿਆਪਕਾਂ ਦੇ ਧਰਨੇ ਵਿੱਚ ਸਿੱਧੂ ਬੈਠ ਕੇ ਆਇਆ। 15 ਦਿਨਾਂ ਦੇ ਠੇਕੇ ਤੇ ਅਧਿਆਪਕ ਰੱਖੇ ਜਾਂਦੇ ਹਨ। ਖੇਤੀ ਕਾਨੂੰਨਾਂ ਨੂੰ ਸਭ ਤੋਂ ਪਹਿਲਾਂ ਨੋਟੀਫ਼ਾਈ ਕੇਜਰੀਵਾਲ ਦੀ ਸਰਕਾਰ ਨੇ ਕੀਤਾ।
ਕੇਜਰੀਵਾਲ ਰੂਪੀ ਕੋਰੋਨਾ ਨੂੰ ਬਰਨਾਲਾ ਦੇ ਲੋਕ ਐਤਕੀਂ ਭਜਾ ਦੇਣਗੇ – ਕੇਵਲ ਸਿੰਘ ਢਿੱਲੋਂ
ਰੈਲੀ ਦੌਰਾਨ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਆਪਣੇ ਸੰਬੋਧਨ ਦੌਰਾਨ ਆਪਣੀਆਂ ਬਰਨਾਲੇ ਸਬੰਧੀ ਪ੍ਰਾਪਤੀਆਂ ਗਿਣਾਈਆਂ। ਢਿੱਲੋਂ ਨੇ ਕਿਹਾ ਕਿ ਉਹਨਾਂ ਨੇ 2006 ਵਿੱਚ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਬਰਨਾਲਾ ਨੂੰ ਜਿਲ੍ਹਾ ਬਣਾਇਆ। ਸ਼ਹਿਰ ਵਿੱਚ ਅੰਡਰਬ੍ਰਿਜ, ਓਵਰਬ੍ਰਿਜ, ਬਿਜਲੀ ਗਰਿੱਡ, ਸੜਕਾਂ ਬਣਾ ਕੇ ਬਰਨਾਲੇ ਦਾ ਪੱਛੜਾਪਣ ਦੂਰ ਕੀਤਾ। ਉਹਨਾਂ ਕਿਹਾ ਕਿ ਸ਼ਹਿਰ ਦੇ ਲੋਕਾਂ ਨੂੰ ਸੀਵਰੇਜ ਦੀ ਵੱਡੀ ਸਮੱਸਿਆ ਸੀ। ਜਿਸਦੇ ਹੱਲ ਲਈ ਨਵਜੋਤ ਸਿੱਧੂ ਦੇ ਕੈਬਨਿਟ ਮੰਤਰੀ ਹੁੰਦਿਆਂ 20 ਕਰੋੜ ਦੀ ਮੰਗ ਕੀਤੀ, ਪਰ ਇਹਨਾਂ 100 ਕਰੋੜ ਦਿੱਤਾ। ਜਿਸ ਨਾਲ ਬਰਨਾਲਾ ਵਿੱਚ ਸੀਵਰੇਜ ਟ੍ਰੀਟਮੈਂਟ ਪਲਾਂਟ ਲਗਾ ਕੇ ਸ਼ਹਿਰ ਦੀ ਗੰਦਗੀ ਦੂਰ ਕਰਕੇ ਸ਼ਹਿਰ ਨੂੰ ਸੁੰਦਰ ਬਣਾਇਆ। ਇਸਦੇ ਨਾਲ ਹੀ ਬਰਨਾਲਾ ਦੇ ਲੋਕਾਂ ਲਈ ਇੱਕ ਸੁਪਰਮਲਟੀਸਪੈਸਲਿਟੀ ਹਸਪਤਾਲ ਲਿਆਂਦਾ। ਕੇਵਲ ਸਿੰਘ ਢਿੱਲੋਂ ਨੇ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜਾਬ ਵਿੱਚ ਕੇਜਰੀਵਾਲ ਦੇ ਰੂਪ ਵਿੱਚ ਕੋਰੋਨਾ ਵੜਿਆ ਹੋਇਆ ਹੈ। ਇਸ ਕੋਰੋਨਾ ਨੇ ਬਰਨਾਲਾ ਦੇ ਲੋਕਾਂ ਨੂੰ ਤਿੰਨ ਵਾਰ ਆਪਣੀ ਲਪੇਟ ਵਿੱਚ ਲਿਆ ਹੈ। ਪਰ ਐਤਕੀਂ ਬਰਨਾਲਾ ਦੇ ਲੋਕ ਇਸ ਕੋਰੋਨਾ ਤੋਂ ਬਚਣ ਲਈ ਵੈਕਸੀਨ ਲਵਾ ਚੁੱਕੇ ਹਨ। ਇਸ ਵਾਰ ਇਸ ਕੋਰੋਨਾ ਨੂੰ ਭਜਾ ਕੇ ਹੀ ਦਮ ਲੈਣਗੇ। ਉਹਨਾਂ ਕਿਹਾ ਕਿ ਬਰਨਾਲਾ ਦੇ ਆਪ ਦੇ ਐਮਐਲਏ ਨੇ ਨਾ ਤਾਂ ਕਦੇ ਖੇਤੀ ਕੀਤੀ ਹੈ, ਨਾ ਨੌਕਰੀ ਕੀਤੀ, ਨਾ ਮਜ਼ਦੂਰੀ ਕੀਤੀ ਅਤੇ ਨਾ ਹੀ ਵਪਾਰ ਕੀਤਾ ਹੈ। ਜਿਸ ਕਰਕੇ ਇਸਨੂੰ ਕਿਸੇ ਦੀ ਮੁਸ਼ਕਿਲ ਦਾ ਕੁੱਝ ਵੀ ਪਤਾ ਨਹੀਂ ਅਤੇ ਇਸ ਕਰਕੇ ਇਹ ਕਿਸੇ ਦਾ ਕੁੱਝ ਨਹੀਂ ਸੰਵਾਰ ਸਕਦਾ। ਉਹਨਾਂ ਕਿਹਾ ਕਿ ਮੈਨੂੰ ਬਰਨਾਲੇ ਨਾਲ ਪਿਆਰ ਹੈ। ਜਿਸ ਕਰਕੇ ਆਪਣੇ ਹਲਕੇ ਦੇ ਲੋਕਾਂ ਦਾ ਹਾਰ ਹੋਣ ਦੇ ਬਾਵਜੂਦ ਸਾਥ ਨਹੀਂ ਛੱਡਿਆ। ਉਹਨਾਂ ਕਿਹਾ ਕਿ ਜਿਸ ਤਰ੍ਹਾ ਨਵਜੋਤ ਸਿੰਘ ਸਿੱਧੂ ਪੰਜਾਬ ਮਾਡਲ ਲੈ ਕੇ ਚੱਲ ਰਹੇ ਹਨ, ਉਸ ਤਰ੍ਹਾਂ ਅਸੀਂ ਬਰਨਾਲੇ ਦਾ ਇੱਕ ਮਾਡਲ ਲੈ ਕੇ ਕੰਮ ਕਰ ਰਹੇ ਹਾਂ। ਜਿਸ ਲਈ ਬਰਨਾਲਾ ਨੂੰ ਸੂਬੇ ਦਾ ਇੱਕ ਨੰਬਰ ਜਿਲ੍ਹਾ ਬਣਾਇਆ ਜਾਵੇਗਾ। ਉਹਨਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਇੱਕ ਸੱਚ ਤੇ ਪਹਿਰਾ ਦੇਣ ਵਾਲੇ ਇਮਾਨਦਾਰ ਨੇਤਾ ਹਨ। ਜਿਹਨਾਂ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਆਉਣ ਵਾਲੀਆਂ ਚੋਣਾਂ ਵਿੱਚ ਜਿੱਤ ਕੇ ਸਰਕਾਰ ਬਣਾਵੇਗੀ। ਕੇਵਲ ਢਿੱਲੋਂ ਨੇ ਪ੍ਰਧਾਨ ਨਵਜੋਤ ਸਿੱਧੂ ਨੂੰ ਭਰੋਸਾ ਦਵਾਉਂਦੇ ਹੋਏ ਕਿਹਾ ਕਿ 2007 ਤੇ 2012 ਵਾਂਗ ਇਸ ਵਾਰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਰਨਾਲਾ ਦੀਆਂ ਤਿੰਨੇ ਸੀਟਾਂ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਪਾਈਆਂ ਜਾਣਗੀਆਂ। ਕੇਵਲ ਸਿੰਘ ਢਿੱਲੋਂ ਨੇ ਰੈਲੀ ਵਿੱਚ ਪੁੱਜਣ ਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਮੇਤ ਸਮੂਹ ਕਾਂਗਰਸੀ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ।
ਨਵਜੋਤ ਸਿੱਧੂ ਨੂੰ ਕ੍ਰਿਕਟ ਬੈਟ ਭੇਂਟ ਕਰਕੇ ਕੇਵਲ ਢਿੱਲੋਂ ਨੇ ਲਾਏ ਛੱਕੇ
ਅੱਜ ਦੀ ਇਸ ਰੈਲੀ ਵਿੱਚ ਪਾਰਟੀ ਪ੍ਰਧਾਨ ਦਾ ਕੇਵਲ ਸਿੰਘ ਢਿੱਲੋਂ ਨੇ ਕ੍ਰਿਕਟ ਬੈਟ ਭੇਂਟ ਕਰਕੇ ਵਿਸ਼ੇਸ ਤੌਰ ਤੇ ਸਨਮਾਨ ਕੀਤਾ। ਨਵਜੋਤ ਸਿੰਘ ਸਿੱਧੂ ਅਤੇ ਕੇਵਲ ਸਿੰਘ ਢਿੱਲੋਂ ਵਲੋਂ ਬੈਟ ਨਾਲ ਹਵਾਈ ਛੱਕੇ ਲਗਾ ਕੇ ਰੈਲੀ ਵਿੱਚ ਪੁੱਜੇ ਲੋਕਾਂ ਦਾ ਪਿਆਰ ਕਬੂਲ ਕੀਤਾ ਗਿਆ। ਇਸ ਰੈਲੀ ਵਿੱਚੋਂ ਹੋਏ ਹਜ਼ਾਰਾਂ ਦੇ ਇਕੱਠ ਨੇ ਕੇਵਲ ਸਿੰਘ ਢਿੱਲੋਂ ਦੀ ਮੁੜ ਬਰਨਾਲਾ ਵਿੱਚ ਬੱਲੇ ਬੱਲੇ ਕਰਵਾ ਦਿੱਤੀ ਹੈ। ਇਸ ਦੌਰਾਨ ਉਹਨਾਂ ਨਾਲ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਕਰਨਇੰਦਰ ਸਿੰਘ ਢਿੱਲੋਂ, ਕੰਵਰਇੰਦਰ ਸਿੰਘ ਢਿੱਲੋਂ, ਸ੍ਰੀਮਤੀ ਮਨਜੀਤ ਕੌਰ ਢਿੱਲੋਂ, ਜਿਲ੍ਹਾ ਆਬਜਰਵਰ ਸੀਤਾ ਰਾਮ ਲਾਂਬਾ, ਚੇਅਰਮੈਨ ਮੱਖਣ ਸ਼ਰਮਾ, ਦਲਜੀਤ ਸਿੰਘ ਸਹੋਰਾ ਕਾਂਗਰਸ ਐਨਆਰਆਈ ਸੈਲ, ਚੇਅਰਮੈਨ ਜੀਵਨ ਬਾਂਸਲ, ਚੇਅਰਮੈਨ ਅਸ਼ੋਕ ਕੁਮਾਰ, ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਮੀਤ ਪ੍ਰਧਾਨ ਨਰਿੰਦਰ ਗਰਗ ਨੀਟਾ, ਜਿਲ੍ਹਾ ਕਾਂਗਰਸ ਪ੍ਰਧਾਨ ਗੁਰਪ੍ਰੀਤ ਲੱਕੀ ਪੱਖੋ, ਕਾਰਜਕਾਰੀ ਜਿਲ੍ਹਾ ਪ੍ਰਧਾਨ ਰਾਜੀਵ ਗੁਪਤਾ ਲੂਬੀ, ਜੱਗਾ ਸਿੰਘ ਮਾਨ, ਜਗਤਾਰ ਸਿੰਘ ਧਨੌਲਾ , ਬੀਬੀ ਸੁਰਿੰਦਰ ਕੌਰ ਬਾਲੀਆ, ਜਿਲ੍ਹਾ ਯੂਥ ਕਾਂਗਰਸ ਪ੍ਰਧਾਨ ਹਰਦੀਪ ਸਿੰਘ ਸੋਢੀ, ਰਜਨੀਸ ਬਾਂਸਲ, ਨਰਿੰਦਰ ਸ਼ਰਮਾ, ਚੇਅਰਮੈਨ ਸਰਬਜੀਤ ਕੌਰ ਖੁੱਡੀ, ਜਿਲ੍ਹਾ ਪ੍ਰੀਸ਼ਦ ਮੈਂਬਰ ਲੱਕੀ ਸਟਾਰ, ਭੁਪਿੰਦਰ ਝਲੂਰ, ਕੁਲਦੀਪ ਧਾਲੀਵਾਲ, ਦੀਪ ਸੰਘੇੜਾ, ਵਰੁਣ ਗੋਇਲ, ਹਰਦੀਪ ਜਾਗਲ, ਗੁਰਰਿੰਦਰ ਸਿੰਘ ਪੱਪੀ, ਅਜੇ ਕੁਮਾਰ ਭਦੌੜ, ਮੁਨੀਸ਼ ਭਦੌੜ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ ।