ਕੇਂਦਰੀ ਰਾਜ ਖੇਤੀਬਾੜੀ ਮੰਤਰੀ ਵੱਲੋਂ ਸ਼ੈਲਰ ਉਦਯੋਗ ਦੇ ਮਾਲਕਾਂ ਨਾਲ ਮੀਟਿੰਗ
ਕੇਂਦਰੀ ਰਾਜ ਖੇਤੀਬਾੜੀ ਮੰਤਰੀ ਵੱਲੋਂ ਸ਼ੈਲਰ ਉਦਯੋਗ ਦੇ ਮਾਲਕਾਂ ਨਾਲ ਮੀਟਿੰਗ
ਬਿੱਟੂ ਜਲਾਲਾਬਾਦੀ,ਫ਼ਿਰੋਜ਼ਪੁਰ, 14 ਫਰਵਰੀ 2022
ਕਿਸਾਨਾਂ ਅਤੇ ਸ਼ੈਲਰ ਉਦਯੋਗ ਵਿੱਚ ਆਪਸੀ ਤਾਲਮੇਲ ਪੈਦਾ ਕਰਨ ਅਤੇ ਸੂਬੇ ਵਿੱਚ ਖੇਤੀ ਨੂੰ ਪ੍ਰਫੁੱਲਤ ਕਰਨ ਲਈ ਭਾਰਤੀ ਜਨਤਾ ਪਾਰਟੀ ਵੱਲੋਂ ਸੋਮਵਾਰ ਨੂੰ ਰਾਈਸ ਸ਼ੈਲਰ ਐਸੋਸੀਏਸ਼ਨ ਦੇ ਅਧਿਕਾਰੀਆਂ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਕੇਂਦਰੀ ਰਾਜ ਮੰਤਰੀ ਕੈਲਾਸ਼ ਚੌਧਰੀ, ਕੌਮੀ ਆਗੂ ਤਰੁਣ ਚੁੱਘ ਤੋਂ ਇਲਾਵਾ ਫਿਰੋਜ਼ਪੁਰ ਵਿਧਾਨ ਸਭਾ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਤਰੁਣ ਚੁੱਘ ਨੇ ਕਿਹਾ ਕਿ ਮਾਲਵੇ ਵਿੱਚ ਖਾਸ ਕਰਕੇ ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ ਜ਼ਿਲ੍ਹੇ ਸ਼ੈਲਰ ਸਨਅਤ ਦਾ ਹੱਬ ਹਨ। ਰਾਈਸ ਮਿੱਲਰਾਂ ਦਾ ਕਿਸਾਨਾਂ ਨਾਲ ਅਹਿਮ ਰਿਸ਼ਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਖੇਤੀ ਆਧਾਰਿਤ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਬਹੁਤ ਉਪਰਾਲੇ ਕਰ ਰਹੀ ਹੈ। ਭਾਜਪਾ ਵੱਲੋਂ ਜਾਰੀ 11-ਨੁਕਾਤੀ ਮਤੇ ‘ਚ ਕਿਹਾ ਗਿਆ ਹੈ ਕਿ ਗੰਨੇ ਤੋਂ ਉਦਯੋਗਿਕ ਈਥਾਨੌਲ ਬਣਾਉਣ ਲਈ ਮਸ਼ੀਨਾਂ ਸਬਸਿਡੀ ‘ਤੇ ਦਿੱਤੀਆਂ ਜਾਣਗੀਆਂ, ਸੂਬੇ ‘ਚ ਵੱਡੇ ਫੂਡ ਪ੍ਰੋਸੈਸਿੰਗ ਪਾਰਕ ਖੋਲੇ ਜਾਣਗੇ, ਪਿੰਡਾਂ ‘ਚ ਬੁਣਾਈ ਦੇ ਕੰਮ ਨੂੰ ਉਤਸ਼ਾਹ ਦੇਣ ਲਈ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ | ਕੇਂਦਰ ਖੋਲ੍ਹਣ ਦੇ ਨਾਲ-ਨਾਲ ਖੇਤੀ ਆਧਾਰਿਤ ਕਾਰੋਬਾਰਾਂ ਨੂੰ ਉਤਸ਼ਾਹਿਤ ਕਰਨ ਲਈ ਟੈਕਸ ਮੁਕਤ ਕਲੱਸਟਰ ਬਣਾਏ ਜਾਣਗੇ ਤਾਂ ਜੋ ਉਦਯੋਗਾਂ ਨੂੰ ਪੇਂਡੂ ਖੇਤਰਾਂ ਵਿੱਚ ਪੂੰਜੀ ਨਿਵੇਸ਼ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣ ਯੋਜਨਾ ਤਹਿਤ ਖੇਤੀ ਆਧਾਰਿਤ ਉਦਯੋਗਾਂ ਵਿੱਚ ਸਬਸਿਡੀ ਮੁਹੱਈਆ ਕਰਵਾਈ ਜਾਵੇਗੀ।
ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤ ਵਿੱਚ ਕਈ ਕਦਮ ਚੁੱਕੇ ਜਾ ਰਹੇ ਹਨ। ਸਰਕਾਰ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਬਹੁਤ ਗੰਭੀਰ ਹੈ। ਕਿਸਾਨਾਂ ਨੂੰ ਹੋਰਨਾਂ ਪਾਰਟੀਆਂ ਨਾਲ ਉਲਝਣ ਦੀ ਬਜਾਏ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਲਈ ਜ਼ੋਰ ਪਾਉਣਾ ਚਾਹੀਦਾ ਹੈ ਤਾਂ ਜੋ ਸੂਬਾ ਪੱਧਰ ’ਤੇ ਵੀ ਕਿਸਾਨਾਂ ਦੇ ਹਿੱਤ ਵਿੱਚ ਕਈ ਕਦਮ ਚੁੱਕੇ ਜਾ ਸਕਣ।