ਕੇਂਦਰੀ ਮੰਤਰੀ ਪਿਊਸ਼ ਗੋਇਲ ਦੀ ਬਰਨਾਲਾ ਫੇਰੀ ਦਾ ਜੋਰਦਾਰ ਵਿਰੋਧ
ਕੇਂਦਰੀ ਮੰਤਰੀ ਪਿਊਸ਼ ਗੋਇਲ ਦੀ ਬਰਨਾਲਾ ਫੇਰੀ ਦਾ ਜੋਰਦਾਰ ਵਿਰੋਧ
- ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ’ਚ ਕਿਸਾਨਾਂ ਆਈ ਟੀ ਆਈ ਚੌਂਕ’ਚ ਜੋਰਦਾਰ ਵਿਰੋਧ
- ਟਰੱਕ ਯੂਨੀਅਨ ਨਜਦੀਕ ਮਾਰਚ ਕਰਕੇ ਮੋਦੀ ਸਰਕਾਰ ਦੀ ਅਰਥੀ ਸਾੜੀ
ਰਘਬੀਰ ਹੈਪੀ,ਬਰਨਾਲਾ,14 ਫਰਵਰੀ 2022
ਕੇਂਦਰੀ ਮੰਤਰੀ ਪਿਊਸ਼ ਗੋਇਲ ਵੱਲੋਂ ਬਰਨਾਲਾ ਹਲਕੇ ਤੋਂ ਭਾਜਪਾ ਉਮੀਦਵਾਰ ਧੀਰਜ ਦੱਦਾਹੂਰ ਦੀ ਚੋਣ ਮੁਹਿੰਮ ਨੂੰ ਤੇਜ ਕਰਨ ਹਿੱਤ ਬਰਨਾਲਾ ਪਹੁੰਚਣ ਮੌਕੇ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਇਕੱਤਰ ਹੋਏ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨਾਂ ਮਰਦ ਔਰਤਾਂ ਨੇ ਜੋਰਦਾਰ ਵਿਰੋਧ ਕੀਤਾ। ਇਸ ਸਮੇਂ ਬੁਲਾਰੇ ਆਗੂਆਂ ਬਲਵੰਤ ਸਿੰਘ ਉੱਪਲੀ, ਦਰਸ਼ਨ ਸਿੰਘ ਉੱਗੋਕੇ, ਗੁਰਦੇਵ ਸਿੰਘ ਮਾਂਗੇਵਾਲ, ਜੁਗਰਾਜ ਸਿੰਘ ਹਰਦਾਸਪੁਰਾ, ਪਰਮਿੰਦਰ ਸਿੰਘ ਹੰਡਿਆਇਆ, ਬਾਬੂ ਸਿੰਘ ਖੁੱਡੀਕਲਾਂ, ਕੁਲਵੰਤ ਸਿੰਘ ਭਦੌੜ, ਨਰਾਇਣ ਦੱਤ,ਦਰਸ਼ਨ ਸਿੰਘ ਮਹਿਤਾ, ਹਰਚਰਨ ਸਿੰਘ ਸੁਖਪੁਰਾ, ਜੱਗਾ ਸਿੰਘ ਬਦਰਾ, ਬਾਰਾ ਸਿੰਘ ਬਦਰਾ,ਪਰਮਜੀਤ ਕੌਰ ਠੀਕਰੀਵਾਲਾ, ਬਲਵਿੰਦਰ ਕੌਰ ਖੁੱਡੀਕਲਾਂ ਨੇ ਕਿਹਾ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਵਾਉਣ ਲਈ 378 ਦਿਨ ਲਗਾਤਾਰ ਚੱਲੇ ਦਿੱਲੀ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ 750 ਕਿਸਾਨਾਂ ਦੀ ਕਾਤਲ ਮੋਦੀ ਹਕੂਮਤ ਵੋਟਾਂ ਦੀ ਫਸਲਾਂ ਬਟੋਰਨ ਲਈ ਮੋਦੀ ਹਕੂਮਤ ਲੋਕਾਂ ਦੇ ਵੱਲੋਂ ਬੁੱਤਾਂ ਲੱਥ ਚੁੱਕੇ ਸਿੱਖ ਆਗੂਆਂ ਰਾਹੀਂ ਪੰਜਾਬ ਅੰਦਰ ਘੁਸਪੈਠ ਕਰ ਰਹੀ ਹੈ। ਅਜਿਹਾ ਕਰਕੇ ਮੋਦੀ ਹਕੂਮਤ ਸਾਡੇ ਜਖਮਾਂ’ਤੇ ਲੂਣ ਛਿੜਕ ਰਹੀ ਹੈ। ਪੰਜਾਬ ਅੰਦਰ ਕਿਸਾਨਾਂ ਦੇ ਕਾਤਲ ਮੋਦੀ ਲਾਣੇ ਨੇ ਯੋਜਨਾਬੱਧ ਢੰਗ ਨਾਲ ਮੋਦੀ, ਸ਼ਾਹ ਸਮੇਤ ਸਮੁੱਚੇ ਲੁੰਗ ਲਾਣੇ ਨੂੰ ਤੋਰ ਦਿੱਤਾ ਹੈ। ਲੋਕ ਦੋਖੀ ਹਾਕਮਾਂ ਦੀ ਰਾਖੀ ਲਈ ਸਮੁੱਚੀ ਹਕੂਮਤੀ ਮਸ਼ੀਨਰੀ ਨੂੰ ਝੋਕਿਆ ਹੋਇਆ ਹੈ। ਇਨ੍ਹਾਂ ਸਭ ਹੱਥ ਕੰਡਿਆਂ ਦੇ ਬਾਵਜੂਦ ਵੀ ਮੋਦੀ ਹਕੂਮਤ ਨੂੰ ਤਿੱਖੇ ਕਿਸਾਨੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੁਲਾਰਿਆਂ ਕਿਹਾ ਕਿ ਮੋਦੀ ਹਕੂਮਤ ਕੋਲ ਵੋਟਾਂ ਦੀ ਫਸਲ ਵੱਢਣ ਦਾ ਖੁੱਲਾ ਸਮਾਂ ਹੈ, ਪਰ 9 ਦਸੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਨਾਲ ਕੀਤੇ ਵਾਅਦੇ ਨੂੰ ਲਾਗੂ ਕਰਨ ਲਈ ਕੋਈ ਸਮਾਂ ਨਹੀਂ ਹੈ। ਉਲਟਾ ਲਖੀਮਪੁਰ ਖੀਰੀ ਕਾਂਡ ਰਚਾਉਣ ਦੇ ਜਿੰਮੇਵਾਰ ਅਸ਼ੀਸ਼ ਮਿਸ਼ਰਾ ਨੂੰ ਅਲਾਹਾਬਾਦ ਹਾਈਕੋਰਟ ਵੱਲੋਂ ਜਮਾਨਤ ਦੇ ਦਿੱਤੀ ਹੈ। ਹਾਲਾਂ ਕਿ ਸੁਪਰੀਮ ਕੋਰਟ ਦੀ ਅਗਵਾਈ ਵਿੱਚ ਸੇਵਾ ਮੁਕਤ ਜੱਜ ਜੈਨ ਦੀ ਅਗਵਾਈ ਵਿੱਚ ਬਣੀ ਸਿੱਟ ਨੇ ਇਸ ਨੂੰ ਯੋਜਨਾਬੱਧ ਤਰੀਕੇ ਨਾਲ ਕੀਤਾ ਕਤਲ ਕਿਹਾ ਹੈ। ਇਸ ਲਈ ਬੀਜੇਪੀ ਦੇ ਉਮੀਦਵਾਰਾਂ, ਉਨ੍ਹਾਂ ਦੀ ਚੋਣ ਮੁਹਿੰਮ ਵਿੱਚ ਆ ਰਹੇ ਕੇਂਦਰੀ ਮੰਤਰੀਆਂ ਦਾ ਹਰ ਵਿੱਚ ਤਿੱਖਾ ਵਿਰੋਧ ਕੀਤਾ ਜਾਵੇਗਾ। ਇਸ ਸਮੇਂ ਗੁਰਦਰਸ਼ਨ ਸਿੰਘ ਦਿਓਲ, ਕਾਲਾ ਜੈਦ,ਅਮਰਜੀਤ ਸਿੰਘ ਮਹਿਲ ਖੁਰਦ, ਹਰਮੰਡਲ ਸਿੰਘ ਜੋਧਪੁਰ, ਸਿਕੰਦਰ ਸਿੰਘ ਭੂਰੇ, ਅਮਰਜੀਤ ਸਿੰਘ ਠੁੱਲੀਵਾਲ, ਵਜੀਰ ਸਿੰਘ ਭਦੌੜ, ਅਮਨਦੀਪ ਸਿੰਘ ਟਿੰਕੂ, ਗੁਰਪ੍ਰੀਤ ਸਿੰਘ ਸਹਿਜੜਾ,ਜੱਗਾ ਸਿੰਘ ਛਾਪਾ, ਕੁਲਵਿੰਦਰ ਸਿੰਘ ਉੱਪਲੀ,ਬੂਟਾ ਸਿੰਘ ਬਾਜਵਾ ਆਦਿ ਬੁਲਾਰਿਆਂ ਨੇ ਮੋਦੀ ਹਕੂਮਤ ਨੂੰ ਆੜੇ ਹੱਥੀਂ ਲਿਆ। ਪਿਊਸ਼ ਗੋਇਲ ਦੇ ਆਈ ਟੀ ਆਈ ਚੌਂਕ ਵਿੱਚੋਂ ਲੰਘਣ ਮੌਕੇ ਕਿਸਾਨਾਂ ਦੇ ਜਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਨੇ ਪੁਲਿਸ ਦੀਆਂ ਰੋਕਾਂ ਤੋੜ ਸ਼ਹਿਰ ਵੱਲ ਮਾਰਚ ਕੀਤਾ ਅਤੇ ਟਰੱਕ ਯੂਨੀਅਨ ਦੇ ਨੇੜੇ ਸਖਤ ਨਾਕਾਬੰਦੀ ਕਰਕੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਇੱਥੇ ਹੀ ਮੋਦੀ ਹਕੂਮਤ ਦੀ ਅਰਥੀ ਸਾੜਨ ਮੌਕੇ ਆਗੂਆਂ ਐਲਾਨ ਕੀਤਾ ਕਿ ਸੰਯੁਕਤ ਕਿਸਾਨ ਮੋਰਚਾ ਵੱਲੋਂ ਬੀਜੇਪੀ ਆਗੂਆਂ ਖਿਲਾਫ਼ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਅਤੇ ਹੋਰਨਾਂ ਪਾਰਲੀਮੈਂਟਰੀ ਪਾਰਟੀਆਂ ਨੂੰ ਸੱਥਾਂ ਵਿੱਚ ਸਵਾਲ ਨਾਮਾ ਕਰਨਾ ਜਾਰੀ ਰਹੇਗਾ।