ਕਿਸਾਨ ਸਿਖਲਾਈ ਕੈਂਪ ਲਗਾ ਕੇ ਮਨਾਇਆ ਗਿਆ ਵਿਸ਼ਵ ਦਾਲਾਂ ਦਿਵਸ
ਕਿਸਾਨ ਸਿਖਲਾਈ ਕੈਂਪ ਲਗਾ ਕੇ ਮਨਾਇਆ ਗਿਆ ਵਿਸ਼ਵ ਦਾਲਾਂ ਦਿਵਸ
ਬਿੱਟੂ ਜਲਾਲਾਬਾਦੀ,ਫਿਰੋਜਪੁਰ, 10 ਫਰਵਰੀ 2022
ਅੱਜ ਮਿਤੀ 10/02/2022 ਨੂੰ ਮਾਨਯੋਗ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਫਿਰੋਜਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਿਰੋਜ਼ਪੁਰ ਵਲੋਂ ਜਿਲ੍ਹਾ ਫਿਰੋਜ਼ਪੁਰ ਦੇ ਵੱਖ-2 ਬਲਾਕਾਂ ਦੇ ਵੱਖ-2 ਪਿੰਡਾਂ ਵਿੱਚ ਕਿਸਾਨ ਸਿਖਲਾਈ ਕੈਂਪ ਆਯੋਜਿਤ ਕਰਕੇ ਅਤੇ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਵਿਸ਼ਵ ਦਾਲਾਂ ਦਿਵਸ’ ਮਨਾਇਆ ਗਿਆ । ਜਿਸ ਵਿੱਚ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਸ੍ਰੀ ਪਿਰਥੀ ਸਿੰਘ ਨੇ ਕਿਸਾਨ ਸਿਖਲਾਈ ਕੈਂਪ ਵਿੱਚ ਭਾਗ ਲੈ ਰਹੇ ਕਿਸਾਨਾਂ ਨੂੰ ਦੱਸਿਆ ਕਿ ਸਾਰੀ ਦੁਨਿਆ ਵਿਚ ਵਧਦੀ ਅਬਾਦੀ ਦੇ ਅਨੁਸਾਰ ਦਾਲਾਂ ਦੀ ਖਪਤ ਜ਼ਿਆਦਾ ਅਤੇ ਇਸ ਦੇ ਮੁਕਾਬਲੇ ਪੈਦਾਵਾਰੀ ਬਹੁਤ ਘੱਟ ਹੈ । ਸਮੇਂ ਦੀ ਲੋੜ ਅਨੁਸਾਰ ਫਸਲੀ ਵਿਭਿੰਨਤਾ ਨੂੰ ਉਤਸਾਹਿਤ ਕਰਨ ਲਈ ਅਤੇ ਕਣਕ-ਝੋਨੇ ਦੇ ਫਸਲੀ ਚੱਕਰ ਵਿਚੋਂ ਬਾਹਰ ਕੱਢਣ ਲਈ ਪੰਜਾਬ ਵਿੱਚ ਦਾਲਾਂ ਹੇਠ ਰਕਬੇ ਨੂੰ ਵਧਾਉਣ ਦੀ ਬਹੁਤ ਲੋੜ ਹੈ । ਇਸ ਕਰਕੇ ਉਹਨਾ ਨੇ ਹਾਜਰ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ-ਝੋਨੇ ਹੇਠ ਰਕਬਾ ਘਟਾ ਕੇ ਵੱਧ ਤੋ ਵੱਧ ਦਾਲਾਂ ਦੀ ਕਾਸ਼ਤ ਹੇਠ ਰਕਬਾ ਵਧਾਇਆ ਜਾਵੇ ਅਤੇ ਉਹਨਾ ਨੇ ਇਹ ਵੀ ਕਿਹਾ ਕੇ ਜਿਹੜੇ ਕਿਸਾਨ ਦਾਲਾਂ ਦੀਆਂ ਫਸਲਾਂ ਦੀ ਕਾਸ਼ਤ ਕਰਨਾ ਚਾਹੁੰਦੇ ਹਨ, ਉਹ ਖੇਤੀਬਾੜੀ ਮਹਿਕਮੇ ਨਾਲ ਸੰਪਰਕ ਕਰਕੇ ਮਹਿਕਮੇ ਪਾਸ ਉਪਲੱਬਧ ਦਾਲਾਂ ਦੀਆਂ ਫਸਲਾਂ ਦੇ ਬੀਜ ਲੈ ਸਕਦੇ ਹਨ ।