ਕਿਸਾਨਾਂ ਵੱਲੋਂ ਪਾਵਰਕਾਮ ਖਿਲਾਫ਼ ਕੀਤਾ ਗਿਆ ਰੋਸ ਪ੍ਰਦਰਸ਼ਨ
ਕਿਸਾਨਾਂ ਵੱਲੋਂ ਪਾਵਰਕਾਮ ਖਿਲਾਫ਼ ਕੀਤਾ ਗਿਆ ਰੋਸ ਪ੍ਰਦਰਸ਼ਨ
- ਮਾਮਲਾ ਸ਼ਹਿਣਾ ਗਰਿੱਡ ਤੋਂ ਪਿੰਡ ਈਸ਼ਰ ਸਿੰਘ ਵਾਲਾ ਨੂੰ ਨਵੀਂ ਬਿਜਲੀ ਸਪਲਾਈ ਦੀ ਲਾਈਨ ਕੱਢਣ ਦਾ
- ਕਸਬਾ ਸ਼ਹਿਣਾ ਵਿਖੇ ਕਿਸਾਨ ਤੇ ਜਥੇਬੰਦੀ ਦੇ ਆਗੂ ਪਾਵਰਕਾਮ ਖਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ
ਸੋਨੀ ਪਨੇਸਰ , ਬਰਨਾਲਾ, 24 ਫਰਵਰੀ 2022
ਜਿਲ੍ਹੇ ਦੇ ਕਸਬਾ ਸ਼ਹਿਣਾ ਵਿਖੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਪ੍ਰਧਾਨ ਰਾਮ ਸਿੰਘ ਤੇ ਸ਼ਹਿਣਾ ਇਕਾਈ ਦੇ ਖਜ਼ਾਨਚੀ ਜਗਸੀਰ ਸਿੰਘ ਸੀਰਾ ਸਣੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਵਿਚ ਕਿਸਾਨਾਂ ਨੇ ਪਿੰਡ ਈਸ਼ਰ ਸਿੰਘ ਵਾਲਾ ਨੂੰ ਨਵੀਂ ਕੱਢੀ ਬਿਜਲੀ ਸਪਲਾਈ ਦੀ 11ਕੇਵੀ ਲਾਈਨ ਦੇ ਵਿਰੋਧ ‘ਚ ਪਾਵਰਕਾਮ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਉਪਰੰਤ ਪ੍ਰਧਾਨ ਰਾਮ ਸਿੰਘ ਤੇ ਖਜ਼ਾਨਚੀ ਜਗਸੀਰ ਸਿੰਘ ਸੀਰਾ ਨੇ ਦੱਸਿਆ ਕਿ ਪਾਵਰਕਾਮ ਵਿਭਾਗ ਵੱਲੋਂ ਸ਼ਹਿਣਾ ਗਰਿੱਡ ਤੋਂ ਪਿੰਡ ਈਸ਼ਰ ਸਿੰਘ ਵਾਲਾ ਨੂੰ 11ਕੇਵੀ ਦੀ ਨਵੀਂ ਬਿਜਲੀ ਸਪਲਾਈ ਦੀ ਲਾਈਨ ਪਿੰਡ ਸ਼ਹਿਣਾ ਗਰਿੱਡ ‘ਚੋਂ ਦੀ ਕੱਢੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਲਾਈਨ ਕੱਢਣ ਨਾਲ, ਜਿੱਥੇ ਘਰਾਂ ਦੇ ਉੱਪਰ ਦੀ ਤਾਰਾਂ ਲੰਘਣ ਨਾਲ ਕਿਸੇ ਸਮੇਂ ਜਾਨੀ ਨੁਕਸਾਨ ਹੋ ਸਕਦਾ ਹੈ, ਉਥੇ ਸੜਕ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਦੱਸਿਆ ਕਿ ਇਹ ਲਾਈਨ ਕੱਢਣ ਸਮੇਂ ਪਿੰਡ ਵਾਸੀਆਂ ਤੇ ਕਿਸਾਨ ਜਥੇਬੰਦੀ ਵੱਲੋਂ ਭਾਰੀ ਵਿਰੋਧ ਕੀਤਾ ਗਿਆ ਸੀ ਤੇ ਉਸ ਸਮੇਂ ਇਹ ਲੈਣ ਨੂੰ ਪੁਟਾਉਣ ਲਈ ਤਿੱਖਾ ਸੰਘਰਸ਼ ਕਰਦਿਆਂ ਜਥੇਬੰਦੀ ਵੱਲੋਂ ਬਰਨਾਲਾ -ਬਾਜਾਖਾਨਾ ਮੁੱਖ ਮਾਰਗ ਜਾਮ ਕਰਨ ਸਮੇਂ ਪਾਵਰਕਾਮ ਵਿਭਾਗ ਦੇ ਅਧਿਕਾਰੀਆਂ ਨੇ ਯਕੀਨ ਦਿਵਾਇਆ ਸੀ ਕਿ ਲਾਈਨ ਕੱਢਣ ਦਾ ਕੰਮ ਬੰਦ ਕਰ ਦਿੱਤਾ ਹੈ ਤੇ ਚੋਣ ਡਿਊਟੀਆਂ ਹੋਣ ਕਾਰਨ ਚੋਣਾਂ ਦਾ ਕੰਮ ਖ਼ਤਮ ਹੋਣ ਦੇ ਤੁਰੰਤ ਬਾਅਦ ਹੀ ਲਾਈਨ ਪੁੱਟਣ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਰੀਬ ਦੋ ਹਫ਼ਤੇ ਪਹਿਲਾਂ ਇਹ ਲੈਣ ਪੁੱਟਣ ਲਈ ਪਾਵਰਕਾਮ ਦੇ ਐਕਸੀਅਨ ਦਿਹਾਤੀ ਬਰਨਾਲਾ ਨੂੰ ਮੰਗ ਪੱਤਰ ਦਿੱਤਾ ਗਿਆ ਸੀ। ਜਿਨ੍ਹਾਂ ਨੇ ਜਲਦ ਹੀ ਇਹ ਲੈਣ ਪੁੱਟਣ ਦਾ ਭਰੋਸਾ ਦਿਵਾਇਆ ਸੀ। ਉਨ੍ਹਾਂ ਦੱਸਿਆ ਕਿ ਲੰਘੇ ਦੋ ਦਿਨ ਪਹਿਲਾਂ ਸਹਾਇਕ ਐਸਡੀਓ ਸ਼ਹਿਣਾ ਨੂੰ ਵੀ ਇਹ ਲੈਣ ਪੁੱਟਣ ਲਈ ਮੰਗ ਪੱਤਰ ਦਿੱਤਾ ਗਿਆ ਸੀ। ਪਰ ਵਿਭਾਗ ਵੱਲੋਂ ਲਾਈਨ ਪੁੱਟਣ ਸੰਬੰਧੀ ਕੋਈ ਵੀ ਕਾਰਵਾਈ ਅਮਲ ‘ਚ ਨਹੀਂ ਲਿਆਂਦੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਬਿਜਲੀ ਸਪਲਾਈ ਦੀ ਲਾਈਨ ਚਾਲੂ ਕਰਨ ਨਾਲ ਜੇਕਰ ਕੋਈ ਹਾਦਸਾ ਵਾਪਰਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਪਾਵਰਕਾਮ ਵਿਭਾਗ ਹੋਵੇਗਾ। ਇਸ ਮੌਕੇ ਨੇਕ ਸਿੰਘ ਬਾਠ, ਨਛੱਤਰ ਸਿੰਘ ਪੱਪੂ, ਹਾਕਮ ਸਿੰਘ ਢੀਡਸਾ, ਕੇਵਲ ਸਿੰਘ ਮਿਸਤਰੀ, ਨਾਜ਼ਮ ਸਿੰਘ ਧਾਲੀਵਾਲ, ਸੁਖਜਿੰਦਰ ਸਿੰਘ, ਬੱਗਾ ਸਿੰਘ, ਕਾਲਾ ਸਿੰਘ, ਸੁਖਚੈਨ ਸਿੰਘ, ਬਿੱਕਰ ਸਿੰਘ, ਬਲਪ੍ਰੀਤ ਸਿੰਘ ਆਦਿ ਹਾਜ਼ਰ ਸਨ।