ਕਿਸਾਨਾਂ ਨੇ ਫਿਰ ਘੇਰਿਆ ਟੋਲ ਪਲਾਜ਼ਾ-ਮਹਿਲ ਕਲਾਂ
ਕਿਸਾਨਾਂ ਨੇ ਫਿਰ ਘੇਰਿਆ ਟੋਲ ਪਲਾਜ਼ਾ-ਮਹਿਲ ਕਲਾਂ
- ਜਦੋ ਤੱਕ ਕਿਸਾਨਾਂ ਦੀ ਮੰਗ ਪੂਰੀ ਨਹੀਂ ਹੁੰਦੀ,ਟੋਲ ਟੈਕਸ ਬੰਦ ਰੱਖਿਆ ਜਾਵੇਗਾ-ਕਿਸਾਨ ਆਗੂ
ਮਹਿਲ ਕਲਾਂ 02 ਜਨਵਰੀ (ਪਾਲੀ ਵਜੀਦਕੇ/ਗੁਰਸੇਵਕ ਸਹੋਤਾ)
ਟੋਲ ਪਲਾਜ਼ਾ ਮਹਿਲ ਕਲਾਂ ਵਿਖੇ ਆਸ ਪਾਸ ਦੇ ਪਿੰਡਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੀ ਅਗਵਾਈ ਹੇਠ ਫਿਰ ਬੰਦ ਕਰਕੇ ਨੇੜਲੇ ਪਿੰਡਾਂ ਦੇ ਪਾਸ ਬਣਾਉਣ ਦੀ ਮੰਗ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ,ਮਲਕੀਤ ਸਿੰਘ ਈਨਾ,ਜਥੇਦਾਰ ਅਜਮੇਰ ਸਿੰਘ ਮਹਿਲ ਕਲਾਂ,ਅਮਰਜੀਤ ਸਿੰਘ ਠੁੱਲੀਵਾਲ,ਮਾਸਟਰ ਸੋਹਣ ਸਿੰਘ ਮਹਿਲ ਕਲਾਂ,ਗੁਰਪ੍ਰੀਤ ਸਿੰਘ ਸਹਿਜਡ਼ਾ,ਮੰਗਤ ਸਿੰਘ ਸਿੱਧੂ,ਢਾਡੀ ਪਰਮਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਜਿੱਥੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਤੇ ਤਰ੍ਹਾਂ ਤਰ੍ਹਾਂ ਦੇ ਟੈਕਸ ਲਾ ਕੇ ਜੇਬਾਂ ਤੇ ਡਾਕਾ ਮਾਰਿਆ ਜਾ ਰਿਹਾ ਹੈ, ਉੱਥੇ ਟੋਲ ਪਲਾਜ਼ਾ ਮਹਿਲ ਕਲਾਂ ਵੱਲੋਂ ਵੀ ਆਸ ਪਾਸ ਦੇ ਪਿੰਡਾਂ ਦੀ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਟੋਲ ਪਲਾਜ਼ਿਆਂ ਵੱਲੋਂ 10 ਕਿਲੋਮੀਟਰ ਦੇ ਅੰਦਰ ਆਉਂਦੇ ਪਿੰਡਾਂ ਲਈ ਮੁਫ਼ਤ ਪਾਸ ਬਣਾ ਕੇ ਦਿੱਤੇ ਜਾਂਦੇ ਹਨ ਤਾਂ ਜੋ ਘਰੇਲੂ ਕੰਮਕਾਰ ਜਾਂਦਿਆਂ ਅਤੇ ਖੇਤਾਂ ਵੱਲ ਜਾਂਦੇ ਸਮੇਂ ਉਨ੍ਹਾਂ ਨੂੰ ਟੋਲ ਟੈਕਸ ਨਾ ਦੇਣਾ ਪਵੇ। ਪਰ ਮਹਿਲ ਕਲਾਂ ਟੋਲ ਦੇ ਮਾਲਕਾਂ ਅਤੇ ਅਧਿਕਾਰੀਆਂ ਵੱਲੋਂ ਇਹ ਪਾਸ ਬਣਾਉਣ ਤੋਂ ਮਨ੍ਹਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ 10 ਕਿਲੋਮੀਟਰ ਅਧੀਨ ਪੈਂਦੇ ਪਿੰਡਾਂ ਦੀ ਟੋਲ ਪਰਚੀ ਬੰਦ ਕਰਕੇ ਪਾਸ ਨਹੀਂ ਬਣਾਏ ਜਾਂਦੇ ਉਦੋਂ ਤਕ ਟੋਲ ਪਲਾਜ਼ਾ ਮਹਿਲ ਕਲਾਂ ਤੇ ਪੱਕਾ ਮੋਰਚਾ ਜਾਰੀ ਰਹੇਗਾ। ਉਨ੍ਹਾਂ ਆਸ ਪਾਸ ਦੇ ਪਿੰਡਾਂ ਅਤੇ ਵੱਖ ਵੱਖ ਕਿਸਾਨ ਮਜ਼ਦੂਰ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਟੋਲ ਪਲਾਜ਼ਾ ਮਹਿਕਮਾ ਮਹਿਲ ਕਲਾਂ ਦੇ ਆਸ ਪਾਸ ਵਾਲੇ ਪਿੰਡਾਂ ਦੀ ਇਸ ਮੁੱਖ ਮੰਗ ਤੇ ਇਕੱਠੇ ਹੋ ਕੇ ਸੰਘਰਸ਼ ਲੜਨ ਦੀ ਲੋੜ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਕਿਸਾਨਾਂ ਨੇ ਟੋਲ ਟੈਕਸ ਮਹਿਲ ਕਲਾਂ ਦੇ ਪ੍ਰਬੰਧਕਾਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਸ ਸੰਬੰਧੀ ਜਦੋਂ ਟੋਲ ਟੈਕਸ ਨੇਜਾ ਪਰਮਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਕਿਸਾਨ ਆਗੂਆਂ ਵੱਲੋਂ ਸਾਨੂੰ ਆਪਣੀਆਂ ਉਕਤ ਮੰਗਾਂ ਸਬੰਧੀ ਲਿਖਤੀ ਜਾਂ ਜ਼ੁਬਾਨੀ ਤੌਰ ਤੇ ਕਿਸੇ ਵੀ ਤਰ੍ਹਾਂ ਨਾਲ ਅਗਾਊਂ ਸੂਚਿਤ ਨਹੀਂ ਕੀਤਾ ਗਿਆ। ਜਿਨ੍ਹਾਂ ਨੇ ਸਿੱਧੇ ਤੌਰ ਤੇ ਆ ਕੇ ਧਰਨਾ ਹੀ ਲਗਾ ਲਿਆ ਅਤੇ ਟੋਲ ਟੈਕਸ ਦੀਆਂ ਪਰਚੀਆਂ ਕੱਢਣੀਆਂ ਬੰਦ ਕਰ ਦਿੱਤੀਆਂ ।ਉਨ੍ਹਾਂ ਦੱਸਿਆ ਕਿ ਉਨ੍ਹਾਂ ਕਿਸਾਨ ਆਗੂਆਂ ਨੂੰ ਕਹਿ ਦਿੱਤਾ ਹੈ ਕਿ ਉਹ ਲਿਖਤੀ ਤੌਰ ਤੇ ਸਾਨੂੰ ਆਪਣੀਆਂ ਮੰਗਾਂ ਸਬੰਧੀ ਦੱਸ ਦੇਣ ਜਿਨ੍ਹਾਂ ਨੂੰ ਉਹ ਉੱਚ ਅਧਿਕਾਰੀਆਂ ਤੱਕ ਪਹੁੰਚਦਾ ਕਰ ਦੇਣਗੇ।ਉਨ੍ਹਾਂ ਦੱਸਿਆ ਕਿ ਅੱਜ ਦੇ ਧਰਨੇ ਨਾਲ ਟੋਲ ਟੈਕਸਾਂ ਨੂੰ ਚਾਰ ਲੱਖ ਦੇ ਕਰੀਬ ਦਾ ਘਾਟਾ ਪੈਣ ਦੀ ਸੰਭਾਵਨਾ ਹੈ ।ਖ਼ਬਰ ਲਿਖੇ ਜਾਣ ਤੱਕ ਕਿਸਾਨ ਆਗੂਆਂ ਵੱਲੋਂ ਟੋਲ ਟੈਕਸ ਤੇ ਧਰਨਾ ਲਗਾਇਆ ਹੋਇਆ ਸੀ।