ਕਿਸਾਨਾਂ ਨੂੰ ਡਾਂਗਾਂ ਨਾਲ ਸਿੱਧੇ ਕਰਨ ਵਾਲੀ ਧਮਕੀ ਦੀ ਸਖਤ ਨਿਖੇਧੀ ; ਬੌਖਲਾਹਟ ਦੀ ਨਿਸ਼ਾਨੀ: ਕਿਸਾਨ ਆਗੂ
ਅੰਦੋਲਨਜੀਵੀ, ਮਾਓਵਾਦੀ, ਖਾਲਸਤਾਨੀ ਆਦਿ ਤੋਂ ਬਾਅਦ ਹੁਣ ਕਿਸਾਨਾਂ ਨੂੰ ਨਸ਼ੇੜੀ ਦਾ ਲਕਬ ਵੀ ‘ਬਖਸ਼’ ਦਿੱਤਾ।
* ਅੱਜ ਬਰਨਾਲਾ ਤੋਂ ਕਿਸਾਨਾਂ ਦਾ ਵੱਡਾ ਜਥਾ ਦਿੱਲੀ ਮੋਰਚਿਆਂ ਵੱਲ ਨੂੰ ਕੂਚ ਕਰੇਗਾ।
ਪਰਦੀਪ ਕਸਬਾ , ਬਰਨਾਲਾ: 15 ਸਤੰਬਰ, 2021
ਬੱਤੀ ਜਥੇਬੰਦੀਆਂ ‘ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 350ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਅੱਜ ਬੁਲਾਰਿਆਂ ਨੇ ਪੰਜਾਬ ਬੀਜੇਪੀ ਨੇਤਾ ਹਰਿੰਦਰ ਕਾਹਲੋਂ ਵੱਲੋਂ ‘ਕਿਸਾਨਾਂ ਨੂੰ ਡਾਂਗਾਂ ਨਾਲ ਸਿੱਧਾ ਕਰਨ ਦੀ ਜ਼ਰੂਰਤ’ ਵਾਲੇ ਬਿਆਨ ਦੀ ਸਖਤ ਨਿਖੇਧੀ ਕੀਤੀ।
ਆਗੂਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਦੀ ਇਖਲਾਕੀ ਚੜ੍ਹਤ ਅਤੇ ਵਿਸ਼ਾਲ ਸਮਰਥਨ ਮੂਹਰੇ ਸਰਕਾਰ ਤੇ ਬੀਜੇਪੀ ਬੇਬਸ ਹੋਈ ਦਿਖਾਈ ਦੇ ਰਹੀ ਹੈ। ਬਹੁਤ ਸਮੇਂ ਤੱਕ ਇਸ ਦੇ ਨੇਤਾ ‘ਕਾਨੂੰਨ ਚੰਗੇ ਹਨ’ ਅਤੇ ‘ਕਿਸਾਨਾਂ ਨੂੰ ਗੁੰਮਰਾਹ ਕੀਤਾ ਗਿਆ ਹੈ’ ਵਾਲਾ ਰਾਗ ਅਲਾਪਦੇ ਰਹੇ। ਪਰ ਕਿਸਾਨਾਂ ਵੱਲੋਂ ਜਿਸ ਤਰ੍ਹਾਂ ਸਰਕਾਰੀ ਤੇ ਜਨਤਕ ਮੰਚਾਂ ਉਪਰ ਕਾਨੂੰਨਾਂ ਦੀ ਵਿਆਖਿਆ ਕੀਤੀ ਗਈ, ਸਰਕਾਰ ਉਸ ਦਾ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੀ। ਕਾਨੂੰਨਾਂ ਦੀ ਗੈਰ-ਸੰਵਿਧਾਨਕਤਾ ਤੇ ਖਾਮੀਆਂ ਲੋਕਾਈ ਵਿੱਚ ਦਿਨ ਬਦਿਨ ਵਧੇਰੇ ਸਪੱਸ਼ਟ ਹੈ ਰਹੀ ਹੈ। ਅਜਿਹੇ ਹਾਲਾਤਾਂ ਵਿੱਚ ਬੀਜੇਪੀ ਨੇਤਾ ਭੱਦੀ ਤੇ ਹੋਸ਼ੀ ਸ਼ਬਦਾਵਲੀ ਵਰਤਣ ਅਤੇ ਗਾਲਾਂ/ ਡਾਗਾਂ ‘ਤੇ ਉਤਰ ਆਏ ਹਨ। ਕਿਸਾਨ ਇਨ੍ਹਾਂ ਗਿੱਦੜ- ਭੱਬਕੀਆਂ ਤੋਂ ਡਰਨ ਵਾਲੇ ਨਹੀਂ ਅਤੇ ਜਿੱਤ ਹਾਸਲ ਕਰਕੇ ਹੀ ਘਰਾਂ ਨੂੰ ਵਾਪਸ ਮੁੜਨਗੇ।
ਬੁਲਾਰਿਆਂ ਨੇ ਧਰਨੇ ਵਿੱਚ ਜਾਣਕਾਰੀ ਦਿੱਤੀ ਕਿ ਅੱਜ ਬੁਧਵਾਰ ਸਾਭ ਨੂੰ ਕਿਸਾਨਾਂ ਦਾ ਵੱਡਾ ਜਥਾ ਦਿੱਲੀ ਮੋਰਚਿਆਂ ਵੱਲ ਨੂੰ ਕੂਚ ਕਰੇਗਾ। ਆਉਂਦੇ ਦਿਨਾਂ ਦੌਰਾਨ ਇਨ੍ਹਾਂ ਜਥਿਆਂ ਦੀ ਲਗਾਤਾਰਤਾ ਬਣਾਈ ਰੱਖਣ ਲਈ ਠੋਸ ਵਿਉਂਤਬੰਦੀ ਬਣਾਈ ਗਈ ਹੈ। ਦਿੱਲੀ ਮੋਰਚੇ ‘ਚ ਜਾਣ ਲਈ ਕਿਸਾਨਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਅੱਜ ਧਰਨੇ ਨੂੰ ਉਜਾਗਰ ਸਿੰਘ ਬੀਹਲਾ, ਹਰਚਰਨ ਸਿੰਘ ਚੰਨਾ, ਬਲਵਿੰਦਰ ਸਿੰਘ ਪੱਤੀ-ਰੋਡ, ਮਨਜੀਤ ਕੌਰ ਖੁੱਡੀ ਕਲਾਂ, ਬਲਵੀਰ ਕੌਰ ਕਰਮਗੜ੍ਹ, ਪ੍ਰੇਮਪਾਲ ਕੌਰ, ਪੰਜਾਬ ਸਿੰਘ, ਮੇਲਾ ਸਿੰਘ ਕੱਟੂ, ਅਮਰਜੀਤ ਕੌਰ, ਮਨਜੀਤ ਰਾਜ,ਤੇ ਰਣਧੀਰ ਕੌਰ ਰਾਜਗੜ੍ਹ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕੱਲ੍ਹ ਹਰਿਆਣਾ ਬੀਜੇਪੀ ਦੇ ਪ੍ਰਧਾਨ ਓ.ਪੀ.ਧਨਖੜ ਵੱਲੋਂ ਕਿਸਾਨਾਂ ਨੂੰ ਨਸ਼ੇੜੀ ਕਹੇ ਜਾਢ ਬਿਆਨ ਦੀ ਸਖਤ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਕਿ ਸਰਕਾਰ ਤੇ ਬੀਜੇਪੀ ਨੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਕਥਿਤ ਅਪਮਾਨਜਨਕ ਲਕਬ ਦੇਣ ਦੀ ਝੜੀ ਲਾ ਰੱਖੀ ਹੈ।ਅੰਦੋਲਨਜੀਵੀ, ਮਾਓਵਾਦੀ,ਖਾਲਸਤਾਨੀ, ਦੇਸ਼-ਧਰੋਹੀ, ਟੁਕੜੇ ਟੁਕੜੇ ਗੈਂਗ ਆਦਿ ਤੋਂ ਬਾਅਦ ਹੁਣ ਹਰਿਆਣਾ ਦੇ ਬੀਜੇਪੀ ਪ੍ਰਧਾਨ ਓ. ਪੀ.ਧਨਖੜ ਕਿਸਾਨਾਂ ਨੂੰ ਨਸ਼ੇੜੀ ਕਹਿਣ ਦੀ ਹੱਦ ਤੱਕ ਚਲਾ ਗਿਆ। ਕੱਲ੍ਹ ਉਸ ਨੇ ਇੱਕ ਬਿਆਨ ‘ ਚ ਕਿਹਾ ਕਿ ਕਿਸਾਨ ਅੰਦੋਲਨ ਦੇ ਪ੍ਰਭਾਵ ਵਾਲੇ ਪਿੰਡਾਂ ‘ਚ ਨਸ਼ੇ ਦਾ ਸੇਵਨ ਬਹੁਤ ਵਧ ਗਿਆ ਹੈ। ਆਗੂਆਂ ਨੇ ਕਿਹਾ ਪਹਿਲੇ ਵਾਲੇ ਝੂਠਾਂ ਦੀ ਤਰ੍ਹਾਂ ਇਸ ਝੂਠ ਦਾ ਵੀ ਸਾਡੇ ਅੰਦੋਲਨ ਉਪਰ ਕੋਈ ਦੁਰ-ਪ੍ਰਭਾਵ ਨਹੀਂ ਪਵੇਗਾ।
ਉਧਰ ਰਿਲਾਇੰਸ ਮਾਲ ਮੂਹਰੇ ਲੱਗਿਆ ਧਰਨਾ ਵੀ 350ਵੇਂ ਦਿਨ ਪੂਰੇ ਜੋਸ਼ੋ ਖਰੋਸ਼ ਨਾਲ ਜਾਰੀ ਰਿਹਾ ਜਿਸ ਨੂੰ ਮੇਜਰ ਸਿੰਘ ਸੰਘੇੜਾ, ਨਾਜਰ ਸਿੰਘ, ਦਲੀਪ ਸਿੰਘ, ਮੱਘਰ ਸਿੰਘ , ਬਲਵਿੰਦਰ ਸਿੰਘ ਤੇ ਮਿੱਠੂ ਸਿੰਘ ਨੇ ਸੰਬੋਧਨ ਕੀਤਾ।
ਅੱਜ ਨਰਿੰਦਰਪਾਲ ਸਿੰਗਲਾ ਨੇ ਇਨਕਲਾਬੀ ਕਵਿਤਾ ਸੁਣਾਈ। ਮਾਸਟਰ ਪੂਰਨ ਸਿੰਘ ਭਦੌੜ ਨੇ ਲੱਡੂਆਂ ਦੇ ਲੰਗਰ ਦੀ ਸੇਵਾ ਨਿਭਾਈ।