PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਸੱਜਰੀ ਖ਼ਬਰ ਰਾਜਸੀ ਹਲਚਲ

ਕਾਤਲਾਨਾ ਹਮਲੇ ਵਿਰੁੱਧ ਕੱਲ੍ਹ ਨੂੰ ਪਿੰਡ ਪਿੰਡ ਵੀ ਅਤੇ ਪੱਕੇ ਧਰਨਿਆਂ ਵਿੱਚ ਵੀ ਭਾਜਪਾ ਮੋਦੀ ਸਰਕਾਰ ਦੇ ਪੁਤਲੇ ਫੂਕਣ ਦਾ ਸੱਦਾ

Advertisement
Spread Information

ਯੂ ਪੀ ‘ਚ ਉਪ ਮੁੱਖ ਮੰਤਰੀ ਦੇ ਸ਼ਾਂਤਮਈ ਵਿਰੋਧ ਮਗਰੋਂ ਵਾਪਸ ਜਾ ਰਹੇ 3 ਕਿਸਾਨ ਭਾਜਪਾ ਮੰਤਰੀ ਅਜੈ ਟੈਣੀ ਦੇ ਮੁੰਡੇ ਵੱਲੋਂ ਗੱਡੀ ਹੇਠ ਕੁਚਲਣ ਦੀ ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਸਖ਼ਤ ਨਿੰਦਾ, ਸ਼ਹੀਦ ਕਿਸਾਨਾਂ ਦੇ ਪ੍ਰਵਾਰਾਂ ਨਾਲ ਜਤਾਈ ਡੂੰਘੀ ਹਮਦਰਦੀ


ਪਰਦੀਪ ਕਸਬਾ  , ਚੰਡੀਗੜ੍ਹ 3 ਅਕਤੂਬਰ 2021

     ਕਾਲੇ ਖੇਤੀ ਕਾਨੂੰਨਾਂ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਦੇ ਲਗਾਤਾਰ ਜਿੱਤ ਵੱਲ ਵਧਦੇ ਕਦਮਾਂ ਤੋਂ ਬੁਖਲਾਹਟ ਵਿੱਚ ਆਈ ਯੂ ਪੀ ਦੀ ਭਾਜਪਾ ਸਰਕਾਰ ਦੇ ਮੰਤਰੀ ਅਜੈ ਟੈਣੀ ਦੇ ਗੁੰਡਾਗਰਦ ਮੁੰਡੇ ਵੱਲੋਂ ਸ਼ਾਂਤਮਈ ਜਾ ਰਹੇ 3 ਕਿਸਾਨਾਂ ਨੂੰ ਗੱਡੀ ਹੇਠ ਕੁਚਲ ਕੇ ਮਾਰਨ ਦੀ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਸਖ਼ਤ ਨਿੰਦਾ ਕੀਤੀ ਗਈ ਹੈ ਅਤੇ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਗਈ ਹੈ।

ਇਸ ਸੰਬੰਧੀ ਇੱਥੇ ਜਾਰੀ ਕੀਤੇ ਗਏ ਸਾਂਝੇ ਪ੍ਰੈੱਸ ਬਿਆਨ ਰਾਹੀਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਦੱਸਿਆ ਗਿਆ ਹੈ ਕਿ ਕਾਲ਼ੇ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ਸ਼ੀਲ ਸੰਯੁਕਤ ਕਿਸਾਨ ਮੋਰਚੇ ਦੇ ਫ਼ੈਸਲੇ ਮੁਤਾਬਕ ਭਾਰੀ ਗਿਣਤੀ ‘ਚ ਕਿਸਾਨ ਯੂ ਪੀ ਦੇ ਉੱਪ ਮੁੱਖ ਮੰਤਰੀ ਦਾ ਹੈਲੀਕਾਪਟਰ ਉਤਾਰਨ ਦਾ ਸ਼ਾਂਤਮਈ ਵਿਰੋਧ ਕਰ ਰਹੇ ਸਨ।

ਪ੍ਰਸ਼ਾਸਨ ਵੱਲੋਂ ਹੈਲੀਕਾਪਟਰ ਦਾ ਰਸਤਾ ਬਦਲਣ ਮਗਰੋਂ ਸ਼ਾਂਤਮਈ ਵਾਪਸ ਜਾ ਰਹੇ ਕਿਸਾਨਾਂ ਨੂੰ ਕੁਚਲਣ ਵਾਲਾ ਇਹ ਕਾਰਾ ਕੀਤਾ ਗਿਆ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਕਿਸਾਨੀ ਤੇ ਜਵਾਨੀ ਨੂੰ ਬਚਾਉਣ ਵਾਲੇ ਦੇਸ਼ ਵਿਆਪੀ ਸਾਂਝੇ ਸੰਘਰਸ਼ ਦੇ ਯੂ ਪੀ ਸਮੇਤ ਅਨੇਕਾਂ ਸੂਬਿਆਂ ਵਿੱਚ ਹੋ ਰਹੇ ਵਿਸ਼ਾਲ ਪਸਾਰੇ ਅਤੇ ਲੜਾਕੂ ਤੰਤ ਨੇ ਭਾਜਪਾ ਹਕੂਮਤਾਂ ਨੂੰ ਹੱਥਾਂ ਪੈਰਾਂ ਦੀ ਪਾ ਰੱਖੀ ਹੈ। ਜਿਸ ਕਾਰਨ ਉਹ ਭੜਕਾਹਟ ਪੈਦਾ ਕਰਨ ਵਾਲੇ ਅਜਿਹੇ ਜਾਨਲੇਵਾ ਹਮਲਿਆਂ ‘ਤੇ ਉੱਤਰ ਆਈਆਂ ਹਨ।

ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਪਹਿਲਾਂ ਚੱਲੀਆਂ ਅਨੇਕਾਂ ਭੜਕਾਹਟ ਭਰੀਆਂ ਹਕੂਮਤੀ ਚਾਲਾਂ ਵਾਂਗ ਹੀ ਇਸ ਜਾਬਰ ਗੁੰਡਾਗਰਦ ਚਾਲ ਨੂੰ ਵੀ ਪੂਰੀ ਤਰ੍ਹਾਂ ਪਛਾੜਿਆ ਜਾਵੇਗਾ। ਘੋਲ਼ ਨੂੰ ਹੋਰ ਵਿਸ਼ਾਲ ਅਤੇ ਮਜ਼ਬੂਤ ਕੀਤਾ ਜਾਵੇਗਾ। ਜਥੇਬੰਦੀ ਵੱਲੋਂ ਸਮੂਹ ਕਿਸਾਨਾਂ ਮਜ਼ਦੂਰਾਂ ਅਤੇ ਇਨਸਾਫਪਸੰਦ ਜਮਹੂਰੀ ਲੋਕਾਂ ਨੂੰ ਇਸ ਕਾਤਲਾਨਾ ਹਮਲੇ ਵਿਰੁੱਧ ਕੱਲ੍ਹ ਨੂੰ ਪਿੰਡ ਪਿੰਡ ਵੀ ਅਤੇ ਪੱਕੇ ਧਰਨਿਆਂ ਵਿੱਚ ਵੀ ਭਾਜਪਾ ਮੋਦੀ ਸਰਕਾਰ ਦੇ ਪੁਤਲੇ ਫੂਕਣ ਦਾ ਸੱਦਾ ਦਿੱਤਾ ਗਿਆ ਹੈ।


Spread Information
Advertisement
Advertisement
error: Content is protected !!