ਕਰੋਨਾ ਤੋਂ ਬਚਾਅ ਦੇ ਮੱਦੇਨਜ਼ਰ ਡਿਜੀਟਲ ਢੰਗ ਨਾਲ ਪ੍ਰਚਾਰ ਉੱਤੇ ਜ਼ੋਰ
ਕਰੋਨਾ ਤੋਂ ਬਚਾਅ ਦੇ ਮੱਦੇਨਜ਼ਰ ਡਿਜੀਟਲ ਢੰਗ ਨਾਲ ਪ੍ਰਚਾਰ ਉੱਤੇ ਜ਼ੋਰ
- ਜ਼ਿਲ੍ਹਾ ਸਵੀਪ ਆਈਕੌਨ ਤਰਸੇਮ ਜੱਸੜ ਨੇ ਚੋਣ ਪ੍ਰਕਿਰਿਆ ਸਬੰਧੀ ਕੀਤੀ ਅਪੀਲ
- ਹਰੇਕ ਵੋਟਰ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰੇ
ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ, 12 ਜਨਵਰੀ:2022
ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਚੋਣਾਂ ਵਿੱਚ 100 ਫੀਸਦੀ ਵੋਟਰਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਨਾਉਣ ਲਈ ’ਮੇਰਾ ਵੋਟ ਮੇਰਾ ਮਾਣ ’ ਦਾ ਨਾਅਰਾ ਦਿੱਤਾ ਗਿਆ ਹੈ, ਜਿਸ ਦੀ ਪਾਲਣਾ ਕਰਦੇ ਹੋਏ ਹਰੇਕ ਨਾਗਰਿਕ ਨੂੰ ਵੋਟ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ ਪਰ ਕਰੋਨਾ ਦੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਚੋਣ ਪ੍ਰਕਿਰਿਆ ਤਹਿਤ ਡਿਜੀਟਲ ਢੰਗ ਨਾਲ ਪ੍ਰਚਾਰ ਕਰਨ ਉੱਤੇ ਹੀ ਜ਼ੋਰ ਰੱਖਿਆ ਜਾਣਾ ਚਾਹੀਦਾ ਹੈ। ਅੱਜ ਦੇ ਦੌਰ ਵਿਚ ਡਿਜੀਟਲ ਰੂਪ ਵਿੱਚ ਪਰਚਾਰ ਦੇ ਵੱਡੀ ਗਿਣਤੀ ਸਾਧਨ ਮੌਜੂਦ ਹਨ।
ਇਹ ਪ੍ਰਗਟਾਵਾ ਚੋਣ ਕਮਿਸ਼ਨ ਵੱਲੋਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਚਾਲੂ ਕੀਤੇ ਸਵੀਪ ਪ੍ਰੋਗਰਾਮ ਤਹਿਤ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਸਵੀਪ ਆਈਕੌਨ ਤੇ ਉਘੇ ਪੰਜਾਬੀ ਗਾਇਕ ਤੇ ਅਦਾਕਾਰ ਸ. ਤਰਸੇਮ ਸਿੰਘ ਜੱਸੜ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੋਟਰਾਂ ਦੇ ਨਾਮ ਜਾਰੀ ਅਪੀਲ ਦੌਰਾਨ ਕੀਤਾ।
ਸ. ਜੱਸੜ ਨੇ ਕਿਹਾ ਕਿ ਜਿਸ ਤਰ੍ਹਾਂ ਸਿਹਤਮੰਦ ਲੋਕਤੰਤਰ ਲਈ 100 ਫੀਸਦੀ ਵੋਟਰਾਂ ਦੀ ਭਾਗੀਦਾਰੀ ਜ਼ਰੂਰੀ ਹੈ, ਉਸੇ ਤਰ੍ਹਾਂ ਆਪਣੀ ਸਿਹਤ ਦਾ ਖਿਆਲ ਰੱਖਣਾ ਵੀ ਲਾਜ਼ਮੀ ਹੈ। ਇਸ ਲਈ ਕੋਰੋਨਾ ਦੀ ਤੀਸਰੀ ਲਹਿਰ ਵਿੱਚ ਆਈ ਤੇਜ਼ੀ ਨੂੰ ਵੇਖਦੇ ਹੋਏ ਸਮੂਹ ਨਾਗਰਿਕਾਂ ਨੂੰ ਸਿਹਤ ਵਿਭਾਗ ਵੱਲੋਂ ਦੱਸੀਆਂ ਸਾਵਧਾਨੀਆਂ ’ਤੇ ਅਮਲ ਕਰਨ ਦੇ ਨਾਲ-ਨਾਲ ਕੋਵਿਡ ਵੈਕਸੀਨੇਸ਼ਨ ਦੀਆਂ ਦੋ ਖੁਰਾਕਾਂ ਲੈਣੀਆਂ ਵੀ ਬਹੁਤ ਜ਼ਰੂਰੀ ਹਨ।
ਜ਼ਿਲ੍ਹਾ ਸਵੀਪ ਆਈਕੌਨ ਸ. ਜੱਸੜ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਵਿਡ-19 ਵਰਗੀ ਖ਼ਤਰਨਾਕ ਮਹਾਂਮਾਰੀ ਨੂੰ ਠੱਲ੍ਹ ਪਾਉਣ ਲਈ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫਤ ਵੈਕਸੀਨੇਸ਼ਨ ਦਿੱਤੀ ਜਾ ਰਹੀ ਹੈ, ਜਿਸ ਦਾ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਿਹਤਮੰਦ ਲੋਕਤੰਤਰ ਲਈ ਸਾਨੂੰ ’ਮੇਰੀ ਵੋਟ ਮੇਰਾ ਮਾਣ ’ ਤਹਿਤ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।