ਓਮੀਕਰੋਨ ਦੇ ਸੰਭਾਵੀ ਖ਼ਤਰੇ ਦੇ ਬਾਵਜੂਦ ਸੇਵਾ ਕੇਂਦਰਾਂ ਅੱਗੇ ਜੁੜਦੀ ਭੀੜ
ਓਮੀਕਰੋਨ ਦੇ ਸੰਭਾਵੀ ਖ਼ਤਰੇ ਦੇ ਬਾਵਜੂਦ ਸੇਵਾ ਕੇਂਦਰਾਂ ਅੱਗੇ ਜੁੜਦੀ ਭੀੜ
ਪਰਦੀਪ ਕਸਬਾ,ਸੰਗਰੂਰ/ ਲਹਿਰਾਗਾਗਾ 30 ਦਸੰਬਰ 2021
ਲੋਕਾਂ ਨੂੰ ਸੁਵਿਧਾ ਮੁਹੱਇਆ ਕਰਵਾਉਣ ਦੇ ਮਕਸਦ ਦੇ ਨਾਲ ਖੋਲੇ ਗਏ ਸੇਵਾ ਕੇਂਦਰਾਂ ‘ਚ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਦਾ ਅੰਦਾਜਾ ਸੇਵਾ ਕੇਂਦਰਾਂ ਮੂਹਰੇ ਲੱਗੀਆਂ ਲੋਕਾਂ ਦੀਆਂ ਕਤਾਰਾਂ ਤੋਂ ਲਗਾਇਆ ਜਾ ਸਕਦਾ ਹੈ। ਸੇਵਾ ਕੇਂਦਰ ‘ਚ ਕੰਮਕਾਜ ਦੀ ਮੱਠੀ ਚਾਲ ਦੇ ਚਲਦਿਆਂ ਲੋਕਾਂ ਨੂੰ ਕਈ-ਕਈ ਦਿਨਾਂ ਤੋਂ ਪਰੇਸ਼ਾਨੀ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਸਰਕਾਰ ਰਾਜਨੀਤਕ ਰੈਲੀਆਂ ਦੀ ਬਜਾਏ ਸੇਵਾ ਕੇਂਦਰਾਂ ‘ਤੇ ਜੁੜਦੀ ਭੀੜ ਦਾ ਹੱਲ ਕਰੇ- ਡਾ. ਕੁਲਦੀਪ ਸਿੰਘ ਸਿੱਧੂ
ਡਾ. ਕੁਲਦੀਪ ਸਿੰਘ ਸਿੱਧੂ ਸੂਬਾ ਜਨਰਲ ਸਕੱਤਰ ਸ਼ਿਕਾਇਤ ਨਿਵਾਰਨ ਕਮੇਟੀ ਕਾਂਗਰਸ ਨੇ ਕਿਹਾ ਕਿ ਸੇਵਾ ਕੇਂਦਰ ‘ਚ ਸਕੂਲਾਂ ‘ਚ ਦੇਣ ਲਈ ਆਮਦਨ ਸਰਟੀਫ਼ਿਕੇਟ, ਜਾਤੀ ਸਰਟੀਫ਼ਿਕੇਟ, ਰਿਹਾਇਸੀ ਸਰਟੀਫ਼ਿਕੇਟ ਤੇ ਹੋਰ ਦਸਤਾਵੇਜ ਬਣਵਾਉਣ ਲਈ ਲੋਕ ਆਉਂਦੇ ਹਨ, ਪਰ ਸੁਵਿਧਾ ਕੇਂਦਰਾਂ ‘ਚ ਜਿਆਦਾ ਭੀੜ ਹੋਣ ਹੋਣ ਕਾਰਨ ਉਨ੍ਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਵਿਧਾ ਕੇਂਦਰ ‘ਚ ਕਈ ਘੰਟੇ ਲਾਈਨ ‘ਚ ਲੱਗਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਹ ਸੇਵਾ ਕੇਂਦਰ ਲੋਕਾਂ ਨੂੰ ਸੁਵਿਧਾ ਦੇਣ ਦੀ ਬਜਾਏ ਦੁਵਿਧਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਕਿਰਤੀ ਕਾਮਿਆਂ ਵੱਲੋਂ ਲਾਲ ਕਾਪੀਆਂ ਬਣਾਉਣ ਲਈ ਆਪਣੇ ਕੰਮਾਂ ਨੂੰ ਛੱਡ ਕੇ ਸਾਰੀ ਦਿਹਾੜੀ ਕਤਾਰਾਂ ‘ਚ ਗੁਜ਼ਾਰਨੀ ਪੈਂਦੀ ਹੈ, ਜਿਸ ਕਾਰਨ ਉਨ੍ਹਾਂ ਦਾ ਵਿੱਤੀ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਬੰਦ ਪਏ ਸੇਵਾ ਕੇਂਦਰਾਂ ਨੂੰ ਖੋਲ੍ਹਿਆ ਜਾਵੇ ਤਾਂ ਜੋ ਲੋਕਾਂ ਨੂੰ ਘਰ ਦੇ ਨੇੜੇ ਸੇਵਾਵਾਂ ਮਿਲ ਸਕਣ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਵਿਸ਼ੇਸ਼ ਕੈਂਪ ਲਗਾ ਕੇ ਲਾਲ ਕਾਪੀਆਂ ਬਣਾਈਆਂ ਜਾਣ ਤਾਂ ਜੋ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪੈ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਰਾਜਨੀਤਕ ਰੈਲੀਆਂ ਦੀ ਬਜਾਏ ਸੇਵਾ ਕੇਂਦਰਾਂ ‘ਤੇ ਜੁੜਦੀ ਭੀੜ ਦਾ ਹੱਲ ਕਰੇ।
ਸੋਸਲ ਡਿਸਟੈਂਸਿੰਗ ਵੀ ਹੋ ਰਹੀ ਹੈ ਭੰਗ
ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਦੇ ਚਲਦਿਆਂ ਓਮੀਕਰੋਨ ਦੇ ਸੰਭਾਵੀ ਖ਼ਤਰੇ ਨੂੰ ਦੇਖਦਿਆਂ ਮਾਹਿਰਾਂ ਵੱਲੋਂ ਜਿਆਦਾ ਇਕੱਠ ਨਾ ਕਰਨ ਸਬੰਧੀ ਕਿਹਾ ਜਾ ਰਿਹਾ ਹੈ, ਪਰ ਇਸ ਦੇ ਸੇਵਾ ਕੇਂਦਰਾਂ ‘ਚ ਇਨ੍ਹਾਂ ਹਦਾਇਤਾਂ ਨੂੰ ਅੱਖੋ ਪਰੋਖ਼ੇ ਕਰਦਿਆਂ ਇਸ ਮਹਾਮਾਰੀ ਨੂੰ ਫੈਲਾਉਣ ‘ਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈ। ਸੇਵਾ ਕੇਂਦਰ ‘ਚ ਕਈ-ਕਈ ਘੰਟ ਲੋਕ ਇੱਕ ਦੂਸਰੇ ਨਾਲ ਲੱਗੇ ਲਾਇਨ ‘ਚ ਖੜ੍ਹਨ ਲਈ ਮਜ਼ਬੂਰ ਹਨ।