ਐਸ.ਡੀ.ਐਮ. ਰਾਜਪੁਰਾ ਡਾ. ਸੰਜੀਵ ਕੁਮਾਰ ਨੇ ਰਚਾਇਆ ਨੌਜਵਾਨ ਵੋਟਰਾਂ ਨਾਲ ਸੰਵਾਦ
ਐਸ.ਡੀ.ਐਮ. ਰਾਜਪੁਰਾ ਡਾ. ਸੰਜੀਵ ਕੁਮਾਰ ਨੇ ਰਚਾਇਆ ਨੌਜਵਾਨ ਵੋਟਰਾਂ ਨਾਲ ਸੰਵਾਦ
- ਪ੍ਰਸ਼ਨੋਤਰੀ ਮੁਕਾਬਲੇ ਦੇ ਜੇਤੂਆਂ ਨੂੰ ਦਿੱਤੇ ਨਕਦ ਇਨਾਮ
ਰਿਚਾ ਨਾਗਪਾਲ, ਰਾਜਪੁਰਾ (ਪਟਿਆਲਾ ) 18 ਦਸੰਬਰ: 2021
ਰਿਟਰਨਿੰਗ ਅਫ਼ਸਰ -ਕਮ- ਐਸ.ਡੀ.ਐਮ. ਰਾਜਪੁਰਾ ਡਾ. ਸੰਜੀਵ ਕੁਮਾਰ ਨੇ ਪੰਜਾਬ ਇੰਸਟੀਚਿਊਟ ਆਫ਼ ਤਕਨਾਲੋਜੀ ਰਾਜਪੁਰਾ ਦੇ ਵਿਦਿਆਰਥੀਆਂ ਨਾਲ ਸਵੀਪ ਮੁਹਿੰਮ ਤਹਿਤ ਸੰਵਾਦ ਰਚਾਇਆ ਅਤੇ ਵਿਦਿਆਰਥੀਆਂ ਨੂੰ ਚੋਣ ਪ੍ਰਣਾਲੀ ਦਾ ਹਿੱਸਾ ਬਣਨ ਦੀ ਅਪੀਲ ਕੀਤੀ। ਮੇਜ਼ਬਾਨ ਸੰਸਥਾ ਦੇ ਡਾਇਰੈਕਟਰ ਡਾ. ਗੁਰਪ੍ਰੀਤ ਸਿੰਘ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ। ਇਸ ਮੌਕੇ ਤਹਿਸੀਲਦਾਰ ਰਾਜਪੁਰਾ ਗੁਰਜਿੰਦਰ ਸਿੰਘ ਵੀ ਹਾਜ਼ਰ ਸਨ। ਮੰਚ ਸੰਚਾਲਨ ਪ੍ਰੀਤੀ ਆਰਿਆ ਨੇ ਕੀਤਾ।
ਸਵੀਪ ਦੇ ਨੋਡਲ ਅਫ਼ਸਰ ਪ੍ਰੋ. ਰਮਨਦੀਪ ਸਿੰਘ ਸੋਢੀ, ਜਗਜੀਤ ਸਿੰਘ ਚੱਪੜ ਤੇ ਜਤਿੰਦਰ ਕੁਮਾਰ ਦੁਆਰਾ ਆਯੋਜਿਤ ਇਸ ਸਮਾਗਮ ਦੌਰਾਨ ਡਾ. ਸੁਖਦਰਸ਼ਨ ਸਿੰਘ ਚਹਿਲ ਦੁਆਰਾ ਲਿਖੇ ਤੇ ਨਿਰਦੇਸ਼ਤ ਕੀਤੇ ਨਾਟਕ ‘ਲੋਕਤੰਤਰ ਦਾ ਤਿਉਹਾਰ’ ਦਾ ਸਫਲ ਮੰਚਨ ਕੀਤਾ ਗਿਆ। ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਦੇ ਵਿਦਿਆਰਥੀਆਂ ‘ਤੇ ਅਧਾਰਤ ਨਾਟਕ ਮੰਡਲ ‘ਚ ਸ਼ਾਮਲ ਤਨੂਜਾ, ਕਿਰਨ, ਸ਼ਰਨਦੀਪ ਚੀਮਾ, ਜੈਸਮੀਨ ਕੌਰ ਚਲੈਲਾ ਤੇ ਰਿੱਕੀ ਨੇ ਵੱਖ-ਵੱਖ ਕਿਰਦਾਰਾਂ ਰਾਹੀਂ ਮੱਤਦਾਨ ‘ਚ ਹਿੱਸਾ ਲੈਣ ਅਤੇ ਸਮਝਦਾਰੀ ਨਾਲ ਆਪਣੀ ਵੋਟ ਦੀ ਵਰਤੋਂ ਕਰਨ ਦਾ ਸੰਦੇਸ਼ ਦਿੱਤਾ।
ਇਸ ਮੌਕੇ ਐਸ.ਡੀ.ਐਮ. ਡਾ. ਸੰਜੀਵ ਕੁਮਾਰ ਨੇ ਕਿਹਾ ਕਿ ਅਜੋਕੇ ਯੁੱਗ ਵਿੱਚ ਨੌਜਵਾਨ ਹਰ ਖੇਤਰ ‘ਚ ਦੇਸ਼ ਦੇ ਵਿਕਾਸ ‘ਚ ਹਿੱਸਾ ਪਾਉਣ ਦੇ ਸਮਰੱਥ ਹਨ। ਇਸੇ ਤਰ੍ਹਾਂ ਹੀ ਨੌਜਵਾਨਾਂ ਨੂੰ ਆਪਣੀ ਵੋਟ ਦਾ ਹਰ ਹਾਲਤ ‘ਚ ਇਸਤੇਮਾਲ ਕਰਨਾ ਚਾਹੀਦਾ ਹੈ ਅਤੇ ਸਮਾਜ ਦੇ ਹੋਰਨਾਂ ਲੋਕਾਂ ਨੂੰ ਸਮਝਦਾਰੀ ਨਾਲ ਵੋਟ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਡੀ ਨਵੀਂ ਪੀੜ੍ਹੀ ਦੀ ਚੋਣ ਪ੍ਰਣਾਲੀ ‘ਚ ਸ਼ਮੂਲੀਅਤ ਬਹੁਤ ਅਹਿਮੀਅਤ ਰੱਖਦੀ ਹੈ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਤੋਂ ਚੋਣ ਪ੍ਰਣਾਲੀ ਸਬੰਧੀ ਸੁਆਲ ਪੁੱਛੇ ਅਤੇ ਜੇਤੂ ਵਿਦਿਆਰਥੀਆਂ ਪੂਜਾ ਐਮਸੀਏ, ਬੇਅੰਤ ਕੌਰ ਬੀ.ਟੈੱਕ. ਤੇ ਗੋਲਡੀ ਬੀਸੀਏ ਨੂੰ ਨਕਦ ਇਨਾਮ ਵੀ ਦਿੱਤੇ। ਇਸ ਮੌਕੇ ਡਾ. ਸੰਜੀਵ ਕੁਮਾਰ ਨੇ ਨਾਟਕ ਮੰਡਲੀ ਦੇ ਕਲਾਕਾਰਾਂ ਨੂੰ ਵੀ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ। ਮੇਜ਼ਬਾਨ ਸੰਸਥਾ ਦੇ ਨਿਰਦੇਸ਼ਕ ਡਾ. ਗੁਰਪ੍ਰੀਤ ਸਿੰਘ ਨੇ ਸਭ ਦਾ ਧੰਨਵਾਦ ਕੀਤਾ ਤੇ ਨਾਟ ਮੰਡਲੀ ਦਾ ਸਨਮਾਨ ਕੀਤਾ।
ਤਸਵੀਰ:- ਐਸ.ਡੀ.ਐਮ. ਰਾਜਪੁਰਾ ਡਾ. ਸੰਜੀਵ ਕੁਮਾਰ ਪੰਜਾਬ ਇੰਸਟੀਚਿਊਟ ਆਫ਼ ਤਕਨਾਲੋਜੀ ਦੇ ਵਿਦਿਆਰਥੀਆਂ ਨਾਲ ਸੰਵਾਦ ਰਚਾਉਂਦੇ ਹੋਏ, ਨਾਲ ਹਨ ਤਹਿਸੀਲਦਾਰ ਗੁਰਜਿੰਦਰ ਸਿੰਘ, ਸੰਸਥਾ ਦੇ ਨਿਰਦੇਸ਼ਕ ਡਾ. ਗੁਰਪ੍ਰੀਤ ਸਿੰਘ ਤੇ ਸਵੀਪ ਟੀਮ।