ਐਮ. ਆਰ ਖੇਡ ਸਟੇਡੀਅਮ ਵਿੱਚ ਕਰਵਾਇਆ ਗਿਆ ਮਹਿਲਾ ਸਸ਼ਕਤੀਕਰਨ ਰੌਣਕ ਮੇਲਾ
ਐਮ. ਆਰ ਖੇਡ ਸਟੇਡੀਅਮ ਵਿੱਚ ਕਰਵਾਇਆ ਗਿਆ ਮਹਿਲਾ ਸਸ਼ਕਤੀਕਰਨ ਰੌਣਕ ਮੇਲਾ
- ਡਿਪਟੀ ਕਮਿਸ਼ਨਰ ਵੱਲੋਂ ਔਰਤਾਂ ਨੂੰ ਹਰੇਕ ਖੇਤਰ ਵਿੱਚ ਮੋਹਰੀ ਭੁਮਿਕਾ ਨਿਭਾਉਣ ਦਾ ਸੱਦਾ
ਬਿੱਟੂ ਜਲਾਲਾਬਾਦੀ, ਫਾਜਿ਼ਲਕਾ 22 ਦਸੰਬਰ 2021
ਜਿ਼ਲ੍ਹਾ ਪ੍ਰਸ਼ਾਸਨ ਫਾਜਿ਼ਲਕਾ ਦੀ ਅਗਵਾਈ ਵਿਚ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਤੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਵੱਲੋਂ ਐਮ ਆਰ ਖੇਡ ਸਟੇਡੀਅਮ ਫਾਜ਼ਿਲਕਾ ਵਿਖੇ ਸਵੀਪ ਗਤੀਵਿਧੀਆਂ ਨੂੰ ਸਮਰਪਿਤ ਮਹਿਲਾ ਸਸ਼ਕਤੀਕਰਨ ਰੌਣਕ ਮੇਲਾ ਕਰਵਾਇਆ ਗਿਆ ਜਿਸ ਵਿਚ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ।
ਇਸ ਮਹਿਲਾ ਸਸ਼ਕਤੀਕਰਨ ਮੇਲੇ ਵਿਚ ਔਰਤਾਂ ਵੱਲੋਂ ਦੌੜ, ਰੱਸਾ ਕੱਸੀ, ਕਬੱਡੀ ਅਤੇ ਖੋ -ਖੋ ਦੀਆਂ ਖੇਡ ਗਤਵਿਧੀਆਂ ਵਿਚ ਬਹੁਤ ਹੀ ਉਤਸਾਹ ਨਾਲ ਭਾਗ ਲਿਆ ਗਿਆ ਜਦ ਕਿ ਇਸਤਰੀ ਤੇ ਬਾਲ ਵਿਕਾਸ ਵਿਭਾਗ ਨਾਲ ਜ਼ੁੜੇ ਸਵੈ ਸਹਾਇਤਾ ਸਮੂਹਾਂ ਵੱਲੋਂ ਆਪਣੇ ਸਮਾਨ ਦੇ ਸਟਾਲ ਲਗਾਏ ਗਏ ਅਤੇ ਸਖ਼ੀ ਕੇਂਦਰ ਵੱਲੋਂ ਵੀ ਆਪਣੀਆਂ ਸੇਵਾਵਾਂ ਦੀ ਜਾਣਕਾਰੀ ਦਿੱਤੀ ਗਈ। ਇਸ ਤੋਂ ਬਿਨ੍ਹਾਂ ਔਰਤਾਂ ਤੇ ਬੱਚਿਆਂ ਵਿਚ ਪੋਸ਼ਣ ਦੇ ਮਹੱਤਵ ਬਾਰੇ ਵੀ ਜਾਣਕਾਰੀ ਦਿੱਤੀ ਗਈ। ਵੋਟਰ ਬਣਾਉਣ ਲਈ ਅਤੇ ਕੋਵਿਡ ਟੀਕਾਕਰਨ ਦੇ ਕੈਂਪ ਵੀ ਲਗਾਏ ਗਏ। ਇਸ ਮੇਲੇ ਦੌਰਾਨ ਈਵੀਐਮ ਮਸ਼ੀਨਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਯੋਗ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਗਿੱਧੇ ਦੇ ਰੂਪ ਵਿਚ ਪੰਜਾਬੀ ਵਿਰਸੇ ਦੀ ਝਲਕ ਵੀ ਇਸ ਮੇਲੇ ਵਿਚ ਖਿੱਚ ਦਾ ਕੇਂਦਰ ਰਹੀ ਜਦ ਕਿ ਔਰਤਾਂ ਨੇ ਆਪਣੇ ਰੋਜਮਰਾਂ ਦੇ ਜੀਵਨ ਤੋਂ ਹੱਟ ਕੇ ਵੱਖ ਵੱਖ ਗਤੀਵਿਧੀਆਂ ਵਿਚ ਸਿ਼ਰਕਤ ਕੀਤੀ।
ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਕਿਹਾ ਕਿ ਔਰਤਾਂ ਦੀ ਸਮਾਜ ਵਿਚ ਬਹੁਤ ਹੀ ਅਹਿਮ ਭੂਮਿਕਾ ਹੈ ਅਤੇ ਔਰਤਾਂ ਨੂੰ ਸਮਾਜ ਵਿਚ ਆਪਣੀ ਜਿੰਮੇਵਾਰੀ ਨੂੰ ਸਮਝਦਿਆਂ ਅੱਗੇ ਆ ਕੇ ਇਕ ਨਵੀਂ ਦਿਸ਼ਾ ਦੇਣੀ ਚਾਹੀਦੀ ਹੈ। ਉਨ੍ਹਾਂ ਨੇ ਔਰਤਾਂ ਤੇ ਆਪਸੀ ਮਿਲਵਰਤਨ, ਭਾਈਚਾਰਕ ਸਾਂਝ ਦੀ ਗੱਲ ਕਰਦਿਆਂ ਕਿਹਾ ਕਿ ਔਰਤਾਂ ਸਾਂਝੇ ਤੌਰ ਤੇ ਵੱਡੀਆਂ ਮੰਜਿਲਾ ਸਰ ਕਰ ਸਕਦੀਆਂ ਹਨ।
ਡਿਪਟੀ ਕਮਿਸ਼ਨਰ ਨੇ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਉਹ ਇੱਥੋਂ ਪ੍ਰਣ ਕਰਕੇ ਜਾਣ ਕੇ ਅਸੀਂ ਜਨਤਕ ਥਾਂਵਾਂ ਤੇ ਕੂੜਾਂ ਨਹੀਂ ਸੁੱਟਾਂਗੇ, ਖਰੀਦਦਾਰੀ ਲਈ ਜਾਂਦੇ ਸਮੇਂ ਘਰ ਤੋਂ ਕਪੜੇ ਦਾ ਥੈਲਾ ਲੈ ਕੇ ਜਾਵਾਂਗੇ ਅਤੇ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਆਪਣੇ ਪਰਿਵਾਰਾਂ ਨੂੰ ਜਾਗਰੂਕ ਕਰਾਂਗੇ। ਉਨ੍ਹਾਂ ਨੇ ਇਸ ਮੌਕੇ ਕੋਵਿਡ ਦੇ ਸੰਭਾਵਿਤ ਖਤਰੇ ਤੋਂ ਸੁਚੇਤ ਕਰਦਿਆਂ ਸਭ ਨੂੰ ਟੀਕਾਕਰਨ ਕਰਵਾਉਣ, ਸਾਰੇ ਯੋਗ ਨਾਗਰਿਕਾਂ ਨੂੰ ਵੋਟਾਂ ਬਣਾਉਣ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਨੇ ਮਹਿਲਾਵਾਂ ਨੂੰ ਆਪਣੀ ਸਿਹਤ ਪ੍ਰਤੀ ਸੁਚੇਤ ਰਹਿਣ ਲਈ ਕਿਹਾ ਅਤੇ ਉਨ੍ਹਾਂ ਨੂੰ ਕਿਹਾ ਕਿ ਉਹ ਸਰਕਾਰ ਦੀਆਂ ਸਕੀਮਾਂ ਦਾ ਲਾਭ ਲੈਣ।
ਇਸ ਤੋਂ ਪਹਿਲਾਂ ਜਿ਼ਲ੍ਹਾਂ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਹਰਦੀਪ ਕੌਰ ਨੇ ਸਭ ਨੂੰ ਜੀ ਆਇਆਂ ਨੂੰ ਕਿਹਾ ਕਿ ਤੇ ਆਪਣੇ ਵਿਭਾਗ ਦੀਆਂ ਸਕੀਮਾਂ ਦੀ ਜਾਣਕਾਰੀ ਦਿੱਤੀ। ਜ਼ਿਲ੍ਹਾ ਭਲਾਈ ਅਫ਼ਸਰ ਸ. ਬਰਿੰਦਰਸਿੰਘ, ਤਹਿਸੀਲ ਭਲਾਈ ਅਫਸਰ ਸ੍ਰੀ ਅਸ਼ੋਕ ਕੁਮਾਰ ਨੇ ਸਭ ਦਾ ਧੰਨਾਵਦ ਕੀਤਾ ਅਤੇ ਜਿ਼ਲ੍ਹੇ ਵਿਚ ਚਲਾਏ ਜਾ ਰਹੇ ਨਸ਼ਾ ਮੁਕਤ ਅਭਿਆਨ ਦੀ ਜਾਣਕਾਰੀ ਵੀ ਦਿੱਤੀ। ਪ੍ਰਿੰਸੀਪਲ ਰਾਜਿੰਦਰ ਕੁਮਾਰ ਨੇ ਸਟੇਜ ਸੰਚਾਲਨ ਕੀਤਾ।
ਇਸ ਮੌਕੇ ਸੀਡੀਪੀਓ ਫ਼ਾਜ਼ਿਲਕਾ ਸ੍ਰੀਮਤੀ ਦਰਸ਼ਨ ਕੌਰ, ਸੀਡੀਪੀਓ ਖੂਈਆਂ ਸਰਵਰ ਮੈਡਮ ਸੰਜੂ, ਜ਼ਿਲ੍ਹਾ ਨੋਡਲ ਅਫ਼ਸਰ ਸਿੱਖਿਆ ਵਿਭਾਗ ਸ੍ਰੀ ਵਿਜੈਪਾਲ ਵਿਸੇਸ਼ ਤੌਰ ਤੇ ਹਾਜਰ ਰਹੇ।