ਲੋਕੇਸ਼ ਕੌਸ਼ਲ, ਬਠਿੰਡਾ 28 ਜੁਲਾਈ 2022
ਇੱਕ ਅੱਲੜ੍ਹ ਮੁਟਿਆਰ ਤੇ ਗੱਭਰੂ ਦਾ ਪਿਆਰ ਪ੍ਰਵਾਨ ਚੜ੍ਹਕੇ , ਬੇਸ਼ੱਕ ਕਿਸੇ ਤਰਾਂ ੳਹੜ-ਪੋਹੜ ਕਰਕੇ ਲਵ ਮੈਰਿਜ ਤੱਕ ਤਾਂ ਅੱਪੜ ਗਿਆ । ਪਰ ਇਹੋ ਪਿਆਰ ਨੇ ਇੱਕੋ ਪਿੰਡ ਵਿੱਚ ਰਹਿੰਦੇ, ਦੋ ਪਰਿਵਾਰਾਂ ਅੰਦਰ ਨਫਰਤ ਦੇ ਅਜਿਹੇ ਬੀਜ਼ ਬੀਜ ਦਿੱਤੇ ਕਿ ਆਪਸੀ ਰੰਜਿਸ਼ ਤੋਂ ਸ਼ੁਰੂ ਹੋਇਆ ਝਗੜਾ, ਆਖਿਰ ਕੁੱਟਮਾਰ ਤੱਕ ਜਾ ਪਹੁੰਚਿਆ । ਪੁਲਿਸ ਨੇ ਕੁੱਟਮਾਰ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਦੋਸ਼ ‘ਚ 3 ਵਿਅਕਤੀਆਂ ਖਿਲਾਫ ਕੇਸ ਦਰਜ਼ ਕਰਕੇ, ਉਨ੍ਹਾਂ ਦੀ ਗਿਰਫਤਾਰੀ ਲਈ ਯਤਨ ਵੀ ਸ਼ੁਰੂ ਕਰ ਦਿੱਤੇ ਹਨ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਜਗਸੀਰ ਸਿੰਘ ਪੁੱਤਰ ਬਿੰਦਰ ਸਿੰਘ ਵਾਸੀ ਪਿੰਡ ਬੱਲੋ, ਥਾਣਾ ਸਦਰ ਰਾਮਪੁਰਾ ਨੇ ਦੱਸਿਆ ਕਿ ਉਸ ਨੇ ਆਪਣੇ ਪਿੰਡ ਦੇ ਹੀ ਰਹਿਣ ਵਾਲੇ ਸ਼ੁਭਕਰਨ ਸਿੰਘ ਦੀ ਭੂਆ ਦੀ ਕੁੜੀ ਜਸ਼ਨਵੀਰ ਕੌਰ ਵਾਸੀ ਪਿੱਥੋ ਨਾਲ, ਲਵ ਮੈਰਿਜ ਕਰਵਾਈ ਹੈ। ਲਵ ਮੈਰਿਜ ਤੋਂ ਖਫਾ ਚੱਲ ਰਹੇ ਸੁ਼ਭਕਰਨ ਸਿੰਘ ਨੇ ਬਲਜੀਤ ਸਿੰਘ ਅਤੇ ਸੇਵੀ ਵਾਸੀ ਬੱਲੋ ਨੂੰ ਨਾਲ ਲੈ ਕੇ, ਉਸ ਨੂੰ ਰਾਹ ਵਿੱਚ ਘੇਰ ਕੇ,ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਤਿੰਨੋਂ ਜਣਿਆਂ ਨੇ ਉਸ ਦੇ ਟ੍ਰੈਕਟਰ ਦੀ ਭੰਨ ਤੋੜ ਵੀ ਕੀਤੀ ਤੇ ਵਾਰਦਾਤ ਨੂੰ ਅੰਜਾਮ ਦੇ ਕੇ ਮੌਕਾ ਤੋਂ ਫਰਾਰ ਹੋ ਗਏ। ਗੰਭੀਰ ਹਾਲਤ ਵਿੱਚ ਉਸ ਨੂੰ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ। ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਕਰਮ ਸਿੰਘ ਨੇ ਦੱਸਿਆ ਕਿ ਜਗਸੀਰ ਸਿੰਘ ਦੇ ਬਿਆਨ ਅਤੇ ਮੈਡੀਕਲ ਰਿਪੋਰਟ ਦੇ ਅਧਾਰ ਪਰ, ਸ਼ੁਭਕਰਨ ਸਿੰਘ ਅਤੇ ਉਸ ਦੇ ਸਾਥੀ ਬਲਜੀਤ ਸਿੰਘ ਦੇ ਸੇਵੀ ਦੇ ਖਿਲਾਫ ਅਧੀਨ ਜੁਰਮ 341,324, 323, 509, 506, 427, 34 IPC ਤਹਿਤ ਥਾਣਾ ਸਦਰ ਰਾਮਪੁਰਾ ਵਿਖੇ ਕੇਸ ਦਰਜ਼ ਕਰਕੇ,ਉਨ੍ਹਾਂ ਦੀ ਤਲਾਸ਼ ਅਤੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ, ਨਾਮਜ਼ਦ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।