ਉਮੀਦਵਾਰਾਂ ਦੇ ਚੋਣ ਖਰਚੇ ਉਤੇ ਅੱਖ ਰੱਖਣ ਲਈ ਮੀਡੀਆ ਸਰਟੀਫਿਕੇਸ਼ਨ ਤੇ ਮਾਨੀਟਰਿੰਗ ਕਮੇਟੀ ਗਠਿਤ
ਉਮੀਦਵਾਰਾਂ ਦੇ ਚੋਣ ਖਰਚੇ ਉਤੇ ਅੱਖ ਰੱਖਣ ਲਈ ਮੀਡੀਆ ਸਰਟੀਫਿਕੇਸ਼ਨ ਤੇ ਮਾਨੀਟਰਿੰਗ ਕਮੇਟੀ ਗਠਿਤ
- ਇਲੈਕਟ੍ਰੋਨਿਕ ਮੀਡੀਆ ਉਤੇ ਇਸ਼ਤਿਹਾਰ ਦੇਣ ਤੋਂ ਪਹਿਲਾਂ ਕਮੇਟੀ ਦੀ ਪ੍ਰਵਾਨਗੀ ਲੈਣੀ ਜ਼ਰੂਰੀ
- ਮੁੱਲ ਦੀ ਖ਼ਬਰ ਲਗਾਉਣ ਉਤੇ ਹੋਵੇਗੀ ਸਖਤ ਕਾਰਵਾਈ
ਸੋਨੀ ਪਨੇਸਰ,ਬਰਨਾਲਾ 11 ਜਨਵਰੀ 2022
ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਸੌਰਭ ਰਾਜ ਦੀਆਂ ਹਦਾਇਤਾਂ ਉਤੇ ਜ਼ਿਲ੍ਹੇ ਦੇ 3 ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜਨ ਵਾਲੇ ਉਮੀਦਵਾਰਾਂ ਵੱਲੋਂ ਮੀਡੀਆ ਉਤੇ ਕੀਤੇ ਜਾਣ ਵਾਲੇ ਖਰਚ ਉਤੇ ਨਿਗਾਹ ਰੱਖਣ ਲਈ ਜ਼ਿਲ੍ਹਾ ਪੱਧਰ ਤੇ ਮੀਡੀਆ ਸਰਟੀਫਿਕੇਸ਼ਨ ਤੇ ਮਾਨੀਟਰਿੰਗ ਕਮੇਟੀ ਕਾਇਮ ਕਰ ਦਿੱਤੀ ਗਈ ਹੈ, ਜਿਸਨੇ ਆਪਣਾ ਕੰਮ ਚੋਣ ਜਾਬਤੇ ਦੇ ਨਾਲ ਹੀ ਚਾਲੂ ਕਰ ਲਿਆ ਹੈ। ਅੱਜ ਕਮੇਟੀ ਦੇ ਮੈਂਬਰ ਸ਼੍ਰੀ ਵਰਜੀਤ ਵਾਲੀਆ ਜਿਹੜੇ ਕਿ ਇਸ ਸਮੇਂ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵਜੋ ਸੇਵਾਵਾਂ ਨਿਭਾਅ ਰਹੇ ਹਨ ਨੇ ਐਮ.ਸੀ.ਐਮ.ਸੀ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਸਾਰੇ ਉਮੀਦਵਾਰਾਂ ਵੱਲੋਂ ਮੀਡੀਆ, ਜਿਸ ਵਿਚ ਅਖਬਾਰ, ਰੇਡੀਓ, ਟੀ. ਵੀ, ਈ-ਪੇਪਰ ਅਤੇ ਸੋਸ਼ਲ ਮੀਡੀਆ ਆਦਿ ਸ਼ਾਮਿਲ ਹਨ, ਉਪਰ ਤਿੱਖੀ ਨਜ਼ਰ ਰੱਖਣ ਅਤੇ ਜੇਕਰ ਕਿਸੇ ਵੀ ਉਮੀਦਵਾਰ ਦਾ ਇਸ਼ਤਿਹਾਰ ਮਿਲਦਾ ਹੈ ਤਾਂ ਉਸ ਨੂੰ ਉਸਦੇ ਚੋਣ ਖਰਚੇ ਵਿਚ ਸ਼ਾਮਿਲ ਕਰਨ ਲਈ ਸਬੰਧਤ ਰਿਟਰਨਿੰਗ ਅਧਿਕਾਰੀ ਨੂੰ ਤੁਰੰਤ ਜਾਣਕਾਰੀ ਦਿੱਤੀ ਜਾਵੇ, ਤਾਂ ਜੋ ਇਹ ਖਰਚਾ ਉਸਦੇ ਚੋਣ ਖਰਚੇ ਵਿਚ ਸ਼ਾਮਿਲ ਕੀਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਇਲੈਕਟ੍ਰੋਨਿਕ ਮੀਡੀਆ ਜਿਸ ਵਿਚ ਈ-ਪੇਪਰ ਤੇ ਸੋਸ਼ਲ ਮੀਡੀਆ ਵੀ ਸ਼ਾਮਿਲ ਹਨ, ਵਿਚ ਇਸ਼ਤਹਾਰ ਦੇਣ ਲਈ ਐਮ.ਸੀ.ਐਮ.ਸੀ ਕੋਲੋਂ ਪ੍ਰਵਾਨਗੀ ਲੈਣੀ ਜ਼ਰੂਰੀ ਹੈ ਅਤੇ ਇਸ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਦੂਜੀ ਮੰਜ਼ਿਲ, ਕਮਰਾ ਨੰਬਰ 84 ਵਿਚ ਪਹੁੰਚ ਕੀਤੀ ਜਾਵੇ। ਕਮੇਟੀ ਇਸ ਦੀ ਜਿੱਥੇ ਸਕਰਪਿਟ ਵੇਖੇਗੀ, ਉਥੇ ਇਸ਼ਤਿਹਾਰ ਬਨਾਉਣ ਤੇ ਲਗਾਉਣ ਉਤੇ ਆਏ ਖਰਚੇ ਦੀ ਜਾਣਕਾਰੀ ਲੈ ਕੇ ਇਹ ਆਗਿਆ ਦੇਵੇਗੀ। ਉਨ੍ਹਾਂ ਕਿਹਾ ਕਿ ਇਸ ਖਰਚੇ ਦੀ ਸਾਰੀ ਅਦਾਇਗੀ ਚੈਕ ਨਾਲ ਕੀਤੀ ਜਾਣੀ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅਦਾਰਾ ਉਮੀਦਵਾਰ ਦੀ ਲਿਖਤੀ ਆਗਿਆ ਤੇ ਕਮੇਟੀ ਦੀ ਪ੍ਰਵਾਨਗੀ ਤੋਂ ਬਿਨਾਂ ਇਸਤਿਹਾਰ ਲਗਾ ਦਿੰਦਾ ਹੈ ਤਾਂ ਉਸ ਵਿਰੁੱਧ 171 ਐਚ ਇੰਡੀਅਨ ਪੀਨਲ ਕੋਡ ਤਹਿਤ ਕੇਸ ਦਰਜ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਚੋਣਾਂ ਤੋਂ ਦੋ ਦਿਨ ਪਹਿਲਾਂ ਪ੍ਰਿੰਟ ਮੀਡੀਆ ਵਿਚ ਲੱਗਣ ਵਾਲੇ ਇਸ਼ਤਿਹਾਰ ਵੀ ਉਕਤ ਕਮੇਟੀ ਤੋਂ ਪ੍ਰਵਾਨ ਕਰਵਾਉਣੇ ਜ਼ਰੂਰੀ ਹਨ।
ਸ੍ਰੀ ਵਾਲੀਆ ਨੇ ਦੱਸਿਆ ਕਿ ਜੇਕਰ ਕੋਈ ਉਮੀਦਵਾਰ ਮੁੱਲ ਦੀ ਖ਼ਬਰ ਕਿਸੇ ਵੀ ਮੀਡੀਆ ਵਿਚ ਲਗਾਉਂਦਾ ਜਾਂ ਛਪਾਉਂਦਾ ਹੈ ਤਾਂ ਜਿੱਥੇ ਉਕਤ ਉਮੀਦਵਾਰ ਦੇ ਚੋਣ ਖਰਚੇ ਵਿਚ ਇਸ ਖ਼ਬਰ ਦਾ ਖਰਚਾ ਸ਼ਾਮਿਲ ਕੀਤਾ ਜਾਵੇਗਾ, ਉਥੇ ਚੋਣ ਕਮਿਸ਼ਨ ਦੀ ਵੈਬ-ਸਾਈਟ ਉਤੇ ਉਕਤ ਉਮੀਦਵਾਰ ਦਾ ਨਾਮ ਮੁੱਲ ਦੀਆਂ ਖ਼ਬਰਾਂ ਲਗਾਉਣ ਵਾਲੇ ਉਮੀਦਵਾਰਾਂ ਵਿਚ ਸ਼ਾਮਿਲ ਕਰਕੇ ਪ੍ਰਕਾਸ਼ਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਕਤ ਅਦਾਰੇ ਵਿਰੁੱਧ ਕਾਰਵਾਈ ਲਈ ਪ੍ਰੈਸ ਕੌਂਸਲ ਆਫ ਇੰਡੀਆ ਤੇ ਨੈਸ਼ਨਲ ਬਰਾਡਕਾਸਟਿੰਗ ਸਟੈਂਡਰ ਅਥਾਰਟੀ ਨੂੰ ਵੀ ਪੱਤਰ ਲਿਖਿਆ ਜਾਵੇਗਾ।
ਬੌਕਸ ਲਈ ਪ੍ਰਸਤਾਵਿਤ
ਬੌਕਸ ਨੰਬਰ-1
ਉਨ੍ਹਾਂ ਨੇ ਦੱਸਿਆ ਕਿ ਇਲੈਕਟ੍ਰਾਨਿਕ ਮੀਡੀਆ (ਸਮੇਤ ਆਨ ਲਾਈਨ ਈ ਪੇਪਰ, ਰੇਡੀਓ, ਟੀ.ਵੀ., ਸਿਨੇਮਾ ਹਾਲ ਅਤੇ ਸੋਸ਼ਲ ਮੀਡੀਆ ਤੇ ਬਲਕ/ਵਾਇਸ ਮੈਸੇਜਜ਼ ਆਨ ਮੋਬਾਇਲ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਜਿਵੇਂ ਫੇਸਬੁੱਕ ਆਦਿ) ਵਿਚ ਇਸ਼ਤਿਹਾਰ ਦੇਣ ਵਾਸਤੇ ਉਮੀਦਵਾਰ ਲਈ ਜ਼ਿਲ੍ਹਾ ਪੱਧਰੀ ਐਮ.ਸੀ.ਐਮ.ਸੀ. ਤੋਂ ਪ੍ਰੀ-ਸਰਟੀਫ਼ਿਕੇਸ਼ਨ ਲਾਜ਼ਮੀ ਹੈ ਭਾਵ ਇਨ੍ਹਾਂ ਤੇ ਇਸ਼ਤਿਹਾਰੀ ਪੋਸਟ ਅਪਲੋਡ ਕਰਨ ਤੋਂ ਪਹਿਲਾਂ ਇਸ ਦੀ ਜ਼ਿਲ੍ਹਾ ਪੱਧਰੀ ਕਮੇਟੀ ਦੇ ਪੂਰਵ ਪ੍ਰਵਾਨਗੀ ਨਿਰਧਾਰਤ ਫਾਰਮ ਵਿਚ ਲੈਣੀ ਲਾਜ਼ਮੀ ਕੀਤੀ ਗਈ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਰਜਿਸਟਰਡ ਰਾਸ਼ਟਰੀ/ਸੂਬਾਈ ਪਾਰਟੀ ਵਾਸਤੇ ਤਜ਼ਵੀਜ਼ਤ ਪ੍ਰਸਾਰਣ ਦੀ ਮਿਤੀ ਤੋਂ ਤਿੰਨ ਦਿਨ ਪਹਿਲਾਂ ਅਤੇ ਵਿਅਕਤੀਗਤ ਜਾਂ ਅਣਰਜਿਸਟਰਡ ਪਾਰਟੀ ਦੇ ਮਾਮਲੇ ਵਿੱਚ 7 ਦਿਨ ਤੋਂ ਪਹਿਲਾਂ ਅਰਜ਼ੀ ਨਹੀਂ ਦਿੱਤੀ ਜਾ ਸਕਦੀ। ਅਰਜ਼ੀ ਨਾਲ ਸਬੰਧਤ ਪ੍ਰਸਾਰਣ ਜਾਂ ਇਸ਼ਤਿਹਾਰ ਦੀ ਲਿਖਤੀ ਤੇ ਰਿਕਾਰਡ ਕਾਪੀ ਲਾਜ਼ਮੀ ਹੈ। ਜੋ ਪਾਰਟੀਆਂ ਜਾਂ ਉਮੀਦਵਾਰ ਇਸਦਾ ਉਲੰਘਣ ਕਰਨਗੇ ਉਹ ਚੋਣ ਨਿਯਮਾਂ ਦੀ ਉਲੰਘਣਾ ਹੋਵੇਗੀ ਅਤੇ ਸਬੰਧਤ ਰਿਟਰਨਿੰਗ ਅਫ਼ਸਰ ਇਸ ਸਬੰਧੀ ਕਾਰਵਾਈ ਕਰਨਗੇ।
ਬੌਕਸ ਨੰਬਰ 2
ਸ਼੍ਰੀ ਵਾਲੀਆ ਨੇ ਜ਼ਿਲ੍ਹੇ ਦੇ ਕੇਬਲ ਅਪਰੇਟਰਾਂ, ਸੋਸ਼ਲ ਮੀਡੀਆ, ਵੈਬ ਚੈਨਲਾਂ, ਵੈਬ ਸਾਇਟਾਂ, ਵਟਸਅੱਪ ਗਰੁੱਪਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਿਸੇ ਵੀ ਰਾਜਸੀ ਪਾਰਟੀ/ਉਮੀਦਵਾਰ ਦਾ ਰਾਜਸੀ ਇਸ਼ਤਿਹਾਰ ਚਲਾਉਣ ਤੋਂ ਪਹਿਲਾਂ ਉਸ ਪਾਸੋਂ ਅਜਿਹੀ ਪ੍ਰਵਾਨਗੀ ਦੀ ਕਾਪੀ ਜ਼ਰੂਰ ਪ੍ਰਾਪਤ ਕਰਨ। ਉਨ੍ਹਾਂ ਨੇ ਇਸ ਮੌਕੇ ਸਿਆਸੀ ਪਾਰਟੀਆਂ ਅਤੇ ਚੋਣਾਂ ਲੜਨ ਜਾ ਰਹੇ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਚੋਣ ਕਮਿਸ਼ਨ ਦੇ ਨਿਯਮਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣ।ਇਸ ਮੌਕੇ ਤਹਿਸੀਲਦਾਰ ਚੋਣਾਂ ਸ਼੍ਰੀਮਤੀ ਹਰਜਿੰਦਰ ਕੌਰ, ਮਾਸਟਰ ਟ੍ਰੇਨਰ ਸ਼੍ਰੀ ਰਾਜੇ਼ਸ, ਸ਼੍ਰੀ ਰਾਕੇਸ਼ ਤੋਂ ਇਲਾਵਾ ਐਮ.ਸੀ.ਐਸ.ਸੀ. ਮੈਂਬਰ ਆਦਿ ਹਾਜ਼ਰ ਸਨ।