ਉਮੀਦਵਾਰਾਂ ਦੇ ਚੋਣ ਖਰਚਿਆਂ ਬਾਰੇ ਖਰਚਾ ਨਿਗਰਾਨਾਂ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ
ਉਮੀਦਵਾਰਾਂ ਦੇ ਚੋਣ ਖਰਚਿਆਂ ਬਾਰੇ ਖਰਚਾ ਨਿਗਰਾਨਾਂ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ
- ਜ਼ਿਲਾ ਸੰਗਰੂਰ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਰੱਖੀ ਜਾ ਰਹੀ ਹੈ ਤਿੱਖੀ ਨਜ਼ਰ : ਜ਼ਿਲਾ ਚੋਣ ਅਫ਼ਸਰ
ਪਰਦੀਪ ਕਸਬਾ ,ਸੰਗਰੂਰ, 25 ਜਨਵਰੀ 2022
ਭਾਰਤ ਚੋਣ ਕਮਿਸ਼ਨ ਵੱਲੋਂ ਜ਼ਿਲਾ ਸੰਗਰੂਰ ਦੇ ਪੰਜ ਵਿਧਾਨ ਸਭਾ ਹਲਕਿਆਂ ਲਈ ਤਾਇਨਾਤ ਕੀਤੇ ਗਏ ਖਰਚਾ ਨਿਗਰਾਨਾਂ ਆਈ.ਆਰ.ਐਸ ਅਧਿਕਾਰੀ ਸ਼੍ਰੀ ਲਿਆਕਤ ਅਲੀ ਅਫ਼ਾਕੀ ਅਤੇ ਸ਼੍ਰੀ ਸੁਭਾਸ਼ ਚੰਦਰਾ ਵੱਲੋਂ ਅੱਜ ਜ਼ਿਲਾ ਚੋਣ ਅਫ਼ਸਰ, ਐਸ.ਐਸ.ਪੀ, ਸਮੂਹ ਰਿਟਰਨਿੰਗ ਅਧਿਕਾਰੀਆਂ, ਇਨਕਮ ਟੈਕਸ ਤੇ ਐਕਸਾਈਜ਼ ਵਿਭਾਗ ਦੇ ਜ਼ਿਲ੍ਹਾ ਪੱਧਰੀ ਨੋਡਲ ਅਧਿਕਾਰੀਆਂ ਨਾਲ ਵਰਚੂਅਲ ਮੀਟਿੰਗ ਕਰਕੇ ਵਿਧਾਨ ਸਭਾ ਚੋਣਾਂ ਵਿੱਚ ਸਿਆਸੀ ਪਾਰਟੀਆਂ ਤੇ ਸੰਭਾਵੀ ਉਮੀਦਵਾਰਾਂ ਦੇ ਖਰਚਿਆਂ ’ਤੇ ਨਜ਼ਰ ਰੱਖਣ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਵਿਸਤਿ੍ਰਤ ਜਾਣਕਾਰੀ ਹਾਸਲ ਕੀਤੀ ਗਈ। ਖਰਚਾ ਨਿਗਰਾਨਾਂ ਨੇ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਨੂੰ ਇੰਨ ਬਿਨ ਲਾਗੂ ਕੀਤਾ ਜਾਵੇ ਅਤੇ ਉਮੀਦਵਾਰਾਂ ਦੁਆਰਾ ਕੀਤੇ ਜਾਣ ਵਾਲੇ ਖਰਚਿਆਂ ’ਤੇ ਤਿੱਖੀ ਨਜ਼ਰ ਰੱਖੀ ਜਾਵੇ ਤਾਂ ਜੋ ਇਲੈਕਸ਼ਨ ਕਮਿਸ਼ਨ ਵੱਲੋਂ ਉਮੀਦਵਾਰਾਂ ਲਈ ਤੈਅ ਕੀਤੀ 40 ਲੱਖ ਰੁਪਏ ਖਰਚ ਕਰਨ ਦੀ ਹੱਦ ਤੋਂ ਕੋਈ ਵੀ ਉਮੀਦਵਾਰ ਬਾਹਰ ਜਾ ਕੇ ਨਿਯਮਾਂ ਦੀ ਉਲੰਘਣਾ ਨਾ ਕਰ ਸਕੇ।
ਖਰਚਾ ਨਿਗਰਾਨਾਂ ਵੱਲੋਂ ਵਿਧਾਨ ਸਭਾ ਹਲਕਾ 99-ਲਹਿਰਾ, 100-ਦਿੜਬਾ, 101-ਸੁਨਾਮ, 107-ਧੂਰੀ ਅਤੇ 108-ਸੰਗਰੂਰ ਦੇ ਰਿਟਰਨਿੰਗ ਅਧਿਕਾਰੀਆਂ ਕੋਲੋਂ ਜਾਣਕਾਰੀ ਹਾਸਲ ਕਰਦਿਆਂ ਵੱਖ ਵੱਖ ਹਦਾਇਤਾਂ ਬਾਰੇ ਜਾਣੂ ਕਰਵਾਇਆ ਗਿਆ। ਉਨਾਂ ਕਿਹਾ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਸਮੇਂ ਤੋਂ ਹੀ ਉਮੀਦਵਾਰਾਂ ਦੇ ਖਰਚੇ ਦੀ ਨਿਰੰਤਰ ਚੌਕਸੀ ਰੱਖੀ ਜਾਵੇ ਅਤੇ ਹਲਕਿਆਂ ਵਿੱਚ ਤਾਇਨਾਤ ਫਲਾਇੰਗ ਸਕੂਐਡ, ਐਸ.ਐਸ.ਟੀ, ਐਕਸਾਈਜ਼, ਪੁਲਿਸ ਟੀਮਾਂ ਸਮੇਤ ਹੋਰ ਗਠਿਤ ਟੀਮਾਂ ਨਾਲ ਮੀਟਿੰਗਾਂ ਕੀਤੀਆਂ ਜਾਣ ਤੇ ਲਗਾਤਾਰ ਜਾਇਜ਼ਾ ਲਿਆ ਜਾਵੇ। ਉਨਾਂ ਕਿਹਾ ਕਿ ਸਿਆਸੀ ਪਾਰਟੀਆਂ ਦੀ ਤਰਫੋਂ ਚੋਣ ਲੜਨ ਵਾਲੇ ਉਮੀਦਵਾਰਾਂ ਦੇ ਨਾਲ ਨਾਲ ਆਜ਼ਾਦ ਖੜਨ ਵਾਲੇ ਉਮੀਦਵਾਰਾਂ ਨੂੰ ਵੀ ਨਾਲੋ ਨਾਲ ਸਾਰੇ ਦਿਸ਼ਾ ਨਿਰਦੇਸ਼ਾਂ ਦੀ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਕੋਈ ਵੀ ਉਮੀਦਵਾਰ ਇਨਾਂ ਹਦਾਇਤਾਂ ਦੀ ਉਲੰਘਣਾ ਨਾ ਕਰ ਸਕੇ। ਖਰਚਾ ਅਬਜ਼ਰਵਰਾਂ ਵੱਲੋਂ ਐਮ.ਸੀ.ਐਮ.ਸੀ ਦੇ ਪੱਧਰ ’ਤੇ ਵੀ ਸ਼ੋਸ਼ਲ ਮੀਡੀਆ ਰਾਹੀਂ ਪ੍ਰਚਾਰ ’ਤੇ ਤਿੱਖੀ ਨਜ਼ਰ ਰੱਖਣ ਬਾਰੇ ਹਦਾਇਤ ਕੀਤੀ ਗਈ। ਉਨਾਂ ਕਿਹਾ ਕਿ ਬਾਲਗ ਵੋਟਰਾਂ ਨੂੰ ਵੋਟ ਪਾਉਣ ਲਈ ਲਗਾਤਾਰ ਪ੍ਰੇਰਿਤ ਕਰਨ ਦੀ ਮੁਹਿੰਮ ਜਾਰੀ ਰੱਖੀ ਜਾਵੇ।
ਇਸ ਦੌਰਾਨ ਜ਼ਿਲਾ ਚੋਣ ਅਫ਼ਸਰ ਸ਼੍ਰੀ ਰਾਮਵੀਰ ਨੇ ਦੱਸਿਆ ਕਿ ਜ਼ਿਲੇ ਦੇ ਪੰਜ ਵਿਧਾਨ ਸਭਾ ਹਲਕਿਆਂ ਵਿੱਚ ਖਰਚਿਆਂ ’ਤੇ ਨਜ਼ਰ ਰੱਖਣ ਲਈ ਟੀਮਾਂ ਮੁਸਤੈਦ ਹਨ ਅਤੇ ਹਰੇਕ ਰਿਟਰਨਿੰਗ ਅਧਿਕਾਰੀ ਹਰ ਪੱਖ ਤੋਂ ਸਮੀਖਿਆ ਕਰਦੇ ਹੋਏ ਕਾਰਵਾਈ ਅਮਲ ਵਿੱਚ ਲਿਆ ਰਹੇ ਹਨ।
ਮੀਟਿੰਗ ਦੌਰਾਨ ਐਸ.ਐਸ.ਪੀ ਸ਼੍ਰੀ ਸਵਪਨ ਸ਼ਰਮਾ, ਏ.ਡੀ.ਸੀ ਸ਼੍ਰੀ ਅਨਮੋਲ ਸਿੰਘ ਧਾਲੀਵਾਲ ਤੋਂ ਇਲਾਵਾ ਸਮੂਹ ਰਿਟਰਨਿੰਗ ਅਧਿਕਾਰੀ, ਐਕਸਾਈਜ਼ ਤੇ ਆਮਦਨ ਕਰ ਵਿਭਾਗ ਦੇ ਜ਼ਿਲ੍ਹਾ ਪੱਧਰੀ ਨੋਡਲ ਅਧਿਕਾਰੀ ਵੀ ਹਾਜ਼ਰ ਸਨ।