ਸ਼ੈਸ਼ਨ ਜੱਜ ਵੱਲੋਂ ਕੋਵਿਡ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਚਹਿਰੀਆਂ ਦਾ ਦੌਰਾ
ਸ਼ੈਸ਼ਨ ਜੱਜ ਵੱਲੋਂ ਕੋਵਿਡ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਚਹਿਰੀਆਂ ਦਾ ਦੌਰਾ
ਬਿੱਟੂ ਜਲਾਲਾਬਾਦੀ,ਫਿਰੋਜ਼ਪੁਰ 19 ਜਨਵਰੀ 2022
ਇੰਚਾਰਜ ਜ਼ਿਲਾ ਅਤੇ ਸ਼ੈਸ਼ਨ ਜੱਜ ਸਚਿਨ ਸ਼ਰਮਾ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵੱਲੋਂ ਕੋਵਿਡ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰ ਤਰ੍ਹਾਂ ਦੀਆਂ ਹਦਾਇਤਾਂ ਦੀ ਪਾਲਣਾ ਸਬੰਧੀ ਜ਼ਿਲ੍ਹਾ ਕਚਹਿਰੀਆਂ ਦਾ ਦੌਰਾ ਕੀਤਾ ਗਿਆ।
ਪਿਛਲੇ ਦਿਨੀਂ ਇੰਚਾਰਜ ਸੈਸ਼ਨਜ਼ ਜੱਜ ਵੱਲੋਂ ਕੋਵਿਡ ਦੀ ਤੀਸਰੀ ਲਹਿਰ ਦੇ ਮੱਦੇਨਜ਼ਰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ਼ ਕਚਹਿਰੀਆਂ ਵਿਖੇ 50 ਪ੍ਰਤੀਸ਼ਤ ਸਟਾਫ ਦੀ ਹਾਜ਼ਰੀ ਦੇ ਦਫ਼ਤਰੀ ਹੁਕਮ ਜਾਰੀ ਕੀਤੇ ਗਏ ਸਨ। ਲਗਾਤਾਰ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਜੱਜ ਸਾਹਿਬ ਵੱਲੋਂ 17 ਜਨਵਰੀ ਤੋਂ ਬਹੁਤ ਹੀ ਜ਼ਰੂਰੀ ਕੇਸਾਂ ਵਿੱਚ ਕਰੋਨਾ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਹਾਜ਼ਰੀ ਬਾਰੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ।
ਇਸ ਤੋਂ ਇਲਾਵਾ ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਦੇ ਸਹਿਯੋਗ ਨਾਲ ਜ਼ਿਲ੍ਹਾ ਕਚਹਿਰੀਆਂ ਦੇ ਦੋਵਾਂ ਮੇਨ ਗੇਟਾਂ ਤੇ ਕੋਵਿਡ ਚੈੱਕਅੱਪ ਦੀਆਂ ਵਿਸ਼ੇਸ਼ ਟੀਮਾਂ ਬਿਠਾਈਆਂ ਗਈਆਂ ਹਨ ਜੋ ਕਿ ਹਰੇਕ ਵਿਅਕਤੀ ਦੀ ਸਪੈਸ਼ਲ ਜਾਂਚ ਤੋਂ ਬਿਨ੍ਹਾਂ ਕਿਸੇ ਨੂੰ ਵੀ ਜ਼ਿਲ੍ਹਾ ਕਚਹਿਰੀਆਂ ਦੇ ਅੰਦਰ ਦਾਖਲ ਹੋਣ ਤੋਂ ਰੋਕਦੀਆਂ ਹਨ। ਸੈਨੀਟਾਈਜੇਸ਼ਨ ਪ੍ਰਬੰਧ ਦਾ ਵੀ ਖਾਸ ਖਿਆਲ ਰੱਖਿਆ ਗਿਆ ਹੈ ਹਰੇਕ ਵਿਅਕਤੀ ਨੂੰ ਹੱਥ ਸੈਨੀਟਾਈਜ ਕਰਵਾ ਕੇ ਮਾਸਕ ਪਹਿਨ ਕੇ ਹੀ ਅੰਦਰ ਦਾਖਲ ਹੋਣ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਅੱਜ ਇਸ ਦੌਰੇ ਮੌਕੇ ਜੱਜ ਸਾਹਿਬ ਨੇ ਇਸ ਬਿਮਾਰੀ ਤੋਂ ਆਮ ਜਨਤਾ ਨੂੰ ਜਾਣੂ ਕਰਵਾਇਆ, ਇਸ ਦੇ ਲੱਛਣ ਅਤੇ ਬਚਾਅ ਲਈ ਸਾਵਧਾਨੀਆਂ ਨੂੰ ਮੁੱਖ ਵਿਸ਼ੇ ਵਜੋਂ ਪੇਸ਼ ਕੀਤਾ ਜਿਸ ਵਿੱਚ ਕਿਸੇ ਇੱਕ ਵਿਅਕਤੀ ਨੇ ਕਿਸੇ ਦੂਸਰੇ ਵਿਅਕਤੀ ਕੋਲ ਥੁੱਕਣਾ ਅਤੇ ਛਿਕਣਾ ਨਹੀਂ, ਹਰ ਵਿਅਕਤੀ ਕਿਸੇ ਦੂਸਰੇ ਵਿਅਕਤੀ ਕੋਲੋਂ ਘੱਟੋ ਘੱਟ 2 ਮੀਟਰ ਦੀ ਦੂਰੀ ਤੇ ਖੜ੍ਹੇ ਤਾਂ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ ।
ਇਸ ਮੌਕੇ ਮਾਨਯੋਗ ਇੰਚਾਰਜ ਜ਼ਿਲ੍ਹਾ ਅਤੇ ਸੈਸ਼ਨਜ ਜੱਜ ਸਾਹਿਬ ਜੀ ਦੇ ਨਾਲ ਸੀ. ਜੇ. ਐੱਮ. ਸ਼੍ਰੀ ਗੁਰਮੀਤ ਸਿੰਘ ਟਿਵਾਣਾ ਅਤੇ ਸੀ. ਜੇ. ਐੱਮ. ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਮਿਸ ਏਕਤਾ ਉੱਪਲ ਜੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ । ਅੰਤ ਵਿੱਚ ਜੱਜ ਸਾਹਿਬ ਨੇ ਹਰ ਆਮ ਅਤੇ ਖਾਸ ਵਿਅਕਤੀ ਨੂੰ ਕੋਵਿਡ ਨਿਯਮਾਂ ਦਾ ਪਾਲਣ ਕਰਦੇ ਹੋਏ ਇਸ ਦੇਸ਼ ਦੇ ਇੱਕ ਸੱਚੇ ਨਾਗਰਿਕ ਬਨਣ ਦਾ ਸੰਦੇਸ਼ ਦਿੱਤਾ।