ਇਸ਼ਤਿਹਾਰਬਾਜ਼ੀ ਲਈ ਮੀਡੀਆ ਸਰਟੀਫਿਕੇਸ਼ਨ ਅਤੇ ਮੋਨੀਟਰਿੰਗ ਕਮੇਟੀ ਕੋਲੋਂ ਅਗੇਤੀ ਪ੍ਰਵਾਨਗੀ ਜ਼ਰੂਰੀ
ਇਸ਼ਤਿਹਾਰਬਾਜ਼ੀ ਲਈ ਮੀਡੀਆ ਸਰਟੀਫਿਕੇਸ਼ਨ ਅਤੇ ਮੋਨੀਟਰਿੰਗ ਕਮੇਟੀ ਕੋਲੋਂ ਅਗੇਤੀ ਪ੍ਰਵਾਨਗੀ ਜ਼ਰੂਰੀ
- ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਇਸ਼ਤਿਹਾਰਾਂ ਦੀ ਪ੍ਰੀ-ਸਰਟੀਫਿਕੇਸ਼ਨ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ
ਪਰਦੀਪ ਕਸਬਾ ,ਸੰਗਰੂਰ, 15 ਜਨਵਰੀ:2022
ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਧਾਨ ਸਭਾ ਚੋਣਾਂ ਦੇ ਸੰਬੰਧ ਵਿੱਚ ਜ਼ਿਲ੍ਹੇ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੱਖ ਵੱਖ ਰਾਜਸੀ ਪਾਰਟੀਆਂ ਅਤੇ ਉਮੀਦਵਾਰਾਂ ਵੱਲੋਂ ਮੀਡੀਆ ਵਿਚ ਕੀਤੀ ਜਾਂਦੀ ਇਸ਼ਤਿਹਾਰਬਾਜ਼ੀ ’ਤੇ ਨਜ਼ਰ ਰੱਖਣ ਲਈ ਕਾਰਜਸ਼ੀਲ ਜ਼ਿਲ੍ਹਾ ਪੱਧਰੀ ਮੀਡੀਆ ਸਰਟੀਫਿਕੇਸ਼ਨ ਅਤੇ ਮਾਨੀਟਰਿੰਗ ਕਮੇਟੀ ਦੀ ਕਾਰਜਸ਼ੈਲੀ ਬਾਰੇ ਜਾਣਕਾਰੀ ਦਿੰਦਿਆਂ ਇਲੈਕਟ੍ਰਾਨਿਕ ਮੀਡੀਆ ਤੇ ਸੋਸ਼ਲ ਮੀਡੀਆ ਉੱਤੇ ਕੋਈ ਵੀ ਇਸ਼ਤਿਹਾਰ ਜਾਰੀ ਕਰਨ ਤੋਂ ਪਹਿਲਾਂ ਪ੍ਰੀ ਸਰਟੀਫਿਕੇਸ਼ਨ ਲਾਜ਼ਮੀ ਕਰਵਾਉਣ ਬਾਰੇ ਦੱਸਿਆ ਗਿਆ।
ਜ਼ਿਲਾ ਚੋਣ ਅਫਸਰ ਸ੍ਰੀ ਰਾਮਵੀਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਹਾਇਕ ਕਮਿਸ਼ਨਰ ਸ੍ਰੀ ਗਗਨਦੀਪ ਸਿੰਘ ਨੇ ਵੱਖ ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਮੀਡੀਆ ਵਿਚ ਇਸ਼ਤਿਹਾਰਬਾਜ਼ੀ ਲਈ ਪ੍ਰਵਾਨਗੀ ਲੈਣ ਦੀ ਪ੍ਰਕਿਰਿਆ ਤੋਂ ਜਾਣੂ ਕਰਵਾਇਆ।
ਉਨ੍ਹਾਂ ਨੇ ਦੱਸਿਆ ਕਿ ਪਿ੍ਰੰਟ ਮੀਡੀਆ (ਅਖ਼ਬਾਰਾਂ ਆਦਿ) ਵਿੱਚ ਪੋਲਿੰਗ ਵਾਲੇ ਦਿਨ ਅਤੇ ਇਕ ਦਿਨ ਪਹਿਲਾਂ ਜੋ ਇਸ਼ਤਿਹਾਰ ਦੇਣਾ ਹੈ, ਉਸ ਬਾਬਤ ਜ਼ਿਲਾ ਪੱਧਰੀ ਐਮਸੀਐਮਸੀ ਤੋਂ ਉਮੀਦਵਾਰ ਵੱਲੋਂ ਤਿੰਨ ਦਿਨ ਪਹਿਲਾਂ ਪ੍ਰੀ ਸਰਟੀਫਿਕੇਸ਼ਨ ਲੈਣੀ ਚਾਹੀਦੀ ਹੈ। ਉਮੀਦਵਾਰ ਵੱਲੋਂ ਇਲੈਕਟ੍ਰ੍ਰਾਨਿਕ ਮੀਡੀਆ ਭਾਵ ਚੈਨਲ, ਰੇਡੀਓ, ਈ-ਪੇਪਰ ਆਦਿ ’ਤੇ ਇਸ਼ਤਿਹਾਰਬਾਜ਼ੀ ਲਈ ਵੀ ਪ੍ਰੀ ਸਰਟੀਫਿਕੇਸ਼ਨ ਜ਼ਰੂਰੀ ਹੈ, ਜਿਸ ਬਾਬਤ ਉਮੀਦਵਾਰ ਵੱਲੋਂ ਇਸ਼ਤਿਹਾਰ ਪ੍ਰਸਾਰਿਤ ਕਰਨ ਤੋਂ ਘੱਟ ਤੋਂ ਘੱਟ ਤਿੰਨ ਦਿਨ ਪਹਿਲਾਂ ਜ਼ਿਲਾ ਪੱਧਰੀ ਐਮਸੀਐਮਸੀ ਤੋਂ ਪ੍ਰਵਾਨਗੀ ਲਈ ਜਾਵੇਗੀ। ਪਾਰਟੀ ਪੱਧਰ ’ਤੇ ਪ੍ਰਵਾਨਗੀ ਰਾਜ ਪੱਧਰੀ ਐਮਸੀਐਮਸੀ ਤੋਂ ਲਈ ਜਾਣੀ ਹੈ। ਸੋਸ਼ਲ ਮੀਡੀਆ ’ਤੇ ਕਿਸੇ ਵੀ ਤਰਾਂ ਕ੍ਰਿਏਟਿਵ ਫੋਟੋ, ਵੀਡੀਓ ਜਾਂ ਹੋਰ ਚੋਣ ਸਮੱਗਰੀ (ਜਿਸ ’ਤੇ ਉਮੀਦਵਾਰ ਦਾ ਨਾਮ ਹੋਵੇ ਜਾਂ ਪਾਰਟੀ ਦਾ ਚੋਣ ਨਿਸ਼ਾਨ ਹੋਵੇ) ਲਈ ਵੀ ਐਮਸੀਐਮਸੀ ਤੋਂ ਤਿੰਨ ਦਿਨ ਪਹਿਲਾਂ ਪ੍ਰਵਾਨਗੀ ਲੈਣੀ ਜ਼ਰੂਰੀ ਹੈ। ਅਗਾਊਂ ਪ੍ਰਵਾਨਗੀ ਲਈ ਭਾਵ ਸਰਟੀਫਕੇਸ਼ਨ ਲਈ Annexure A ਭਰਿਆ ਜਾਵੇ, ਜਿਸ ਦੇ ਨਾਲ ਸਬੰਧਤ ਫੋਟੋ (ਜੇਪੀਜੀ ਡਿਜ਼ਾਇਨ) ਜਾਂ ਵੀਡੀਓ ਨੱਥੀ ਕੀਤੀ ਜਾਵੇ, ਲਿਖਤੀ ਸਕਿ੍ਰਪਟ ਨਾਲ ਨੱਥੀ ਕੀਤੀ ਜਾਵੇ ਤੇ ਇਸ਼ਤਿਹਾਰਬਾਜ਼ੀ ਉੱਤੇ ਹੋਇਆ ਖ਼ਰਚ ਦੱਸਿਆ ਜਾਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਐਮ.ਸੀ.ਐਮ.ਸੀ ਕੋਲੋਂ ਪ੍ਰਵਾਨਗੀ ਲਈ ਐਸ ਡੀ ਐਮ ਕੰਪਲੈਕਸ ਸੰਗਰੂਰ ਦੀ ਪਹਿਲੀ ਮੰਜ਼ਿਲ ਦੇ ਕਮਰਾ ਨੰਬਰ 27 ਵਿਚ ਪਹੁੰਚ ਕੀਤੀ ਜਾਵੇ।
ਜੇਕਰ ਰਿਟਰਨਿੰਗ ਅਫਸਰ ਵੱਲੋਂ ਉਮੀਦਵਾਰ ਜਾਂ ਪਾਰਟੀ ਨੂੰ ਇਸ਼ਤਿਹਾਰਬਾਜ਼ੀ, ਸ਼ੱਕੀ ਪੇਡ ਨਿਊਜ਼ ਆਦਿ ਦੇ ਸਬੰਧ ਵਿਚ ਕੋਈ ਨੋਟਿਸ ਜਾਰੀ ਕੀਤਾ ਜਾਂਦਾ ਹੈ ਤਾਂ ਉਸ ਦਾ ਜਵਾਬ 48 ਘੰਟਿਆਂ ਅੰਦਰ ਦੇਣਾ ਲਾਜ਼ਮੀ ਹੈ, ਅਜਿਹਾ ਨਾ ਹੋਣ ’ਤੇ ਜ਼ਿਲਾ ਪੱਧਰੀ ਐਮਸੀਐਮਸੀ ਦਾ ਫ਼ੈਸਲਾ ਅੰਤਿਮ ਮੰਨਿਆ ਜਾਵੇਗਾ। ਮੀਟਿੰਗ ਦੌਰਾਨ ਤਹਿਸੀਲਦਾਰ ਚੋਣਾਂ ਸ੍ਰੀ ਵਿਜੇ ਕੁਮਾਰ ਨੇ ਵੀ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।