ਇਨਕਲਾਬੀ ਕੇਂਦਰ,ਪੰਜਾਬ ਵੱਲੋਂ ਧੌਲਾ ਅਤੇ ਪੱਖੋਕਲਾਂ ਵਿਖੇ ਘਰ-ਘਰ ਵੰਡੇ ਗਏ ਲੀਫਲੈੱਟ
ਇਨਕਲਾਬੀ ਕੇਂਦਰ,ਪੰਜਾਬ ਵੱਲੋਂ ਧੌਲਾ ਅਤੇ ਪੱਖੋਕਲਾਂ ਵਿਖੇ ਘਰ-ਘਰ ਵੰਡੇ ਗਏ ਲੀਫਲੈੱਟ
” ਰਾਜ ਬਦਲੋ-ਸਮਾਜ ਬਦਲੋ ਲੋਕਾਂ ਦੀ ਪੁੱਗਤ ਵਾਲਾ ਰਾਜ ਸਥਾਪਤ ਕਰੋ”
ਸੋਨੀ ਪਨੇਸਰ,ਬਰਨਾਲਾ 10 ਫਰਵਰੀ 2022
ਇਨਕਲਾਬੀ ਕੇਂਦਰ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਸ਼ੋਰੋਗੁਲ ਮੌਕੇ 1 ਫਰਬਰੀ ਤੋਂ 15 ਰੋਜਾ “ਰਾਜ ਬਦਲੋ-ਸਮਾਜ ਬਦਲੋ”” ਲੋਕਾਂ ਦੀ ਪੁੱਗਤ ਵਾਲਾ ਰਾਜ ਸਥਾਪਤ ਕਰੋ”ਮੁਹਿੰਮ ਤਹਿਤ ਧੌਲਾ ਅਤੇ ਪੱਖੋਕਲਾਂ ਵਿਖੇ ਜਿਲ੍ਹਾ ਬਰਨਾਲਾ ਦੀ ਆਗੂ ਟੀਮ ਵੱਲੋਂ ਲੀਫਲੈੱਟ ਵੰਡਿਆ ਗਿਆ। ਡਾ ਰਜਿੰਦਰ ਪਾਲ, ਜਸਪਾਲ ਚੀਮਾ ਨੇ ਘਰ ਘਰ ਲੀਫਲੈੱਟ ਵੰਡਣ ਦੀ ਮੁਹਿੰਮ ਸਮੇਂ ਲੋਕਾਂ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਪਾਰਲੀਮਾਨੀ/ਵਿਧਾਨ ਸਭਾਈ ਚੋਣਾਂ ਦੇ ਬੀਤੇ 75 ਸਾਲ ਦੇ ਇਤਿਹਾਸ ਅੰਦਰ ਹਰ ਰੰਗ ਦੀ ਪਾਰਲੀਮਾਨੀ ਪਾਰਟੀ ਵੱਲੋਂ ਵਾਰ-ਵਾਰ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਅਤੇ ਲਾਰੇ ਅਤੇ ਸਬਜ਼ਬਾਗ ਦਿਖਾਏ ਹਨ। ਹਕੂਮਤੀ ਗੱਦੀ ਸਾਂਭਣ ਤੋਂ ਬਾਅਦ ਹਰ ਪਾਰਟੀ ਵੱਲੋਂ ਉਹੀ ਵਾਅਦੇ ਲਾਰੇ ਰੱਦੀ ਦੀ ਟੋਕਰੀ ਦਾ ਸ਼ਿੰਗਾਰ ਬਣ ਜਾਂਦੇ ਰਹੇ ਹਨ। ਅਮੀਰ ਤੇ ਗਰੀਬ ਦਾ ਪਾੜਾ ਆਏ ਦਿਨ ਵਧ ਰਿਹਾ ਹੈ। ਹਕੂਮਤੀ ਗੱਦੀ ਉੱਪਰ ਕਿਸੇ ਵੀ ਰੰਗ ਦੀ ਪਾਰਲੀਮਾਨੀ ਪਾਰਟੀ ਕਬਜ਼ਾ ਕਰ ਲਵੇ, ਉਸ ਨੇ ਸਾਮਰਾਜੀ ਦਿਸ਼ਾ ਨਿਰਦੇਸ਼ਤ ਲੋਕ ਵਿਰੋਧੀ ਨੀਤੀਆਂ ਨੂੰ ਲਾਗੂ ਕਰਦਿਆਂ ਦੇਸੀ-ਬਦੇਸ਼ੀ ਕਾਰਪੋਰੇਟ ਘਰਾਣਿਆਂ ਦੀ ਹੀ ਸੇਵਾ ਕੀਤੀ ਹੈ ਅਤੇ ਅਜਿਹਾ ਹੀ ਇੱਕ ਵਾਰ ਫਿਰ ਧੋਖੇ ਭਰੀ ਖੇਡ ਖੇਡਣ ਲਈ ਮੈਦਾਨ ਵਿੱਚ ਹਾਜਰ ਹਨ। ਇਨ੍ਹਾਂ ਨੀਤੀਆਂ ਕਾਰਨ ਹੀ ਇੱਕ ਪਾਸੇ ਅਰਬ ਪਤੀਆਂ ਦੀ ਗਿਣਤੀ ਵਧ ਰਹੀ ਹੈ, ਜਦ ਕਿ ਦੂਜੇ ਪਾਸੇ ਬੇਰੁਜ਼ਗਾਰੀ ਦੀ ਦਰ ਪਿਛਲੇ 45 ਸਾਲਾਂ ਦੌਰਾਨ ਸਭ ਤੋਂ ਉੱਚੀ ਦਰ ਤੇ ਪਹੁੰਚ ਗਈ ਹੈ। ਰੁਜਗਾਰ ਮਿਲਣ ਦੀ ਥਾਂ ਰੁਜ਼ਗਾਰ ਖੁੱਸ ਰਿਹਾ ਹੈ। ਪੰਜਾਬ ਸਿਰ 2,92,000(ਦੋ ਲੱਖ ਬਾਨਵੇਂ ਹਜ਼ਾਰ ਕਰੋੜ ਰੁ. )ਦੀ ਕਰਜ਼ੇ ਦੀ ਪੰਡ ਹਾਕਮਾਂ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਨੀਤੀਆਂ ਦਾ ਮੂੰਹ ਚਿੜਾ ਰਹੀ ਹੈ। ਸਾਢੇ ਤਿੰਨ ਲੱਖ ਤੋਂ ਵਧੇਰੇ ਕਿਸਾਨ ਖੁਦਕੁਸ਼ੀਆਂ ਕਰਨ ਵੱਲ ਧੱਕ ਦਿੱਤੇ ਗਏ ਹਨ। ਭੁੱਖਮਰੀ ਦੀ ਹਾਲਤ ਇਹ ਹੈ ਕਿ 116 ਮੁਲਕਾਂ ਦੀ ਆਕਸਫੈਮ ਵੱਲੋਂ ਜਾਰੀ ਕੀਤੀ ਤਾਜਾ ਰਿਪੋਰਟ ਅਨੁਸਾਰ ਸਾਡਾ ਮੁਲਕ 101 ਵੇਂ ਸਥਾਨ’ਤੇ ਹੈ। ਅਜਿਹੀ ਹਾਲਤ ਵਿੱਚ ਇਨਕਲਾਬੀ ਕੇਂਦਰ ਸਮਝਦਾ ਹੈ ਕਿ ਲੋਕਾਂ ਦੀ ਮੁਕਤੀ ਮਹਿਜ ਵੋਟ ਪਰਚੀ ਰਾਹੀਂ ਨਹੀਂ ਹੋਣੀ ਸਗੋਂ ਲੋਕਾਂ ਦੇ ਬੁਨਿਆਦੀ ਸਮੱਸਿਆਵਾਂ ਦੇ ਹੱਲ ਲਈ ਲਗਾਤਾਰ ਸੰਘਰਸ਼ ਦਾ ਸੂਹਾ ਪਰਚਮ ਬੁਲੰਦ ਰੱਖਣਾ ਹੋਵੇਗਾ। ਇਸ ਲਈ ਵੋਟ ਪ੍ਰਬੰਧ ਤੋਂ ਭਲੇ ਦੀ ਝਾਕ ਛੱਡ ਤਬਕਾਤੀ ਸੰਘਰਸ਼ਾਂ ਦਾ ਸੂਹਾ ਪਰਚਮ ਬੁਲੰਦ ਰੱਖਦਿਆਂ ਲੋਕਾਂ ਦੀ ਪੁੱਗਤ ਵਾਲਾ ਨਵਾਂ ਜਮਹੂਰੀ ਰਾਜ ਸਿਰਜਣ ਲਈ ਜਮਾਤੀ ਜੱਦੋਜਹਿਦ ਦੇ ਰਾਹ ਪੈਣਾ ਪਵੇਗਾ। ਇਸ ਸਮੇਂ ਇਨਕਲਾਬੀ ਕੇਂਦਰ,ਪੰਜਾਬ ਦੇ ਆਗੂਆਂ ਖੁਸ਼ਮੰਦਰ ਪਾਲ , ਨੌਜਵਾਨ ਆਗੂਆਂ ਹਰਪ੍ਰੀਤ ਅਤੇ ਜਗਮੀਤ ਨੇ ਕਿਹਾ ਕਿ ਲੋਕਾਈ ਨੂੰ ਇਸ ਵੋਟ ਪ੍ਰਬੰਧ ਨੂੰ ਸਮਝਣ ਲਈ ਅਤੇ ਬੀਤੇ ਇਤਿਹਾਸ ਵਿੱਚ ਲੋਕ ਮੁਕਤੀ ਲਈ ਚੱਲੀਆਂ ਇਤਿਹਾਸਕ ਬਗਾਵਤਾਂ ਦੇ ਰੂਬਰੂ ਹੋਣਾ ਵੱਡੀ ਲੋੜ ਹੈ। ਇਸ ਮੁਹਿੰਮ ਵਿੱਚ ਡਾ ਰਜਿੰਦਰ ਪਾਲ, ਖੁਸ਼ਮੰਦਰਪਾਲ ,ਹਰਪ੍ਰੀਤ, ਜਗਮੀਤ ਨੇ ਲੋਕ ਸੱਥਾਂ ਵਿੱਚ ਹਾਜਰ ਲੋਕਾਂ ਨਾਲ ਸੰਖੇਪ ਵਿਚਾਰ ਚਰਚਾ ਕੀਤੀ। ਇਸ ਮੁਹਿੰਮ ਨੂੰ ਭਾਕਿਯੂ ਏਕਤਾ ਡਕੌਂਦਾ ਦੇ ਆਗੂਆਂ ਕੁਲਦੀਪ ਸਿੰਘ, ਮਨਦੀਪ ਸਿੰਘ ਨੇ ਇਸ ਮੁਹਿੰਮ ਵਿੱਚ ਭਰਵਾਂ ਸਹਿਯੋਗ ਦਿੱਤਾ।