ਆਪ ‘ਚ ਸ਼ਾਮਿਲ ਹੋਇਆ , ਯੂਥ ਕਾਂਗਰਸ ਦਾ ਪ੍ਰਧਾਨ ਸੋਢੀ
ਨਗਰ ਕੌਂਸਲ ਧਨੌਲਾ ਦੀ ਪ੍ਰਧਾਨਗੀ ਤੇ ਕਾਬਜ਼ ਹੈ ‘ਸੋਢੀ’ ਪਰਿਵਾਰ
ਜੇ. ਐਸ. ਚਹਿਲ,ਬਰਨਾਲਾ 10 ਜੂਨ 2022
ਯੂਥ ਕਾਂਗਰਸ ਦੇ ਸਾਬਕਾ ਜਿਲ੍ਹਾ ਪ੍ਰਧਾਨ ਹਰਦੀਪ ਸਿੰਘ ਸੋਢੀ , ਕਾਂਗਰਸ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਿਆ। ਲੋਕ ਸਭਾ ਜ਼ਿਮਨੀ ਚੋਣ ‘ਚ ਭਾਜਪਾ ਦੇ ਉਮੀਦਵਾਰ ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੇ ਖਾਸਮਖਾਸ ਰਹੇ ਹਰਦੀਪ ਸਿੰਘ ਸੋਢੀ ਨੂੰ ਸਿੱਖਿਆ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸਿਰਪਾਓ ਦੇ ਕੇ ਰਸਮੀ ਤੌਰ ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਵਾਇਆ। ਇਸ ਮੌਕੇ ਸਿੱਖਿਆ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਹਰਦੀਪ ਸਿੰਘ ਸੋਢੀ ਅਤੇ ਉਨਾਂ ਦੇ ਸਾਥੀਆਂ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ ।
ਹਰਦੀਪ ਸਿੰਘ ਸੋਢੀ ਦੇ ਮਾਤਾ ਜੀ ਰਣਜੀਤ ਕੌਰ ਸੋਢੀ , ਨਗਰ ਕੌਂਸਲ ਧਨੌਲਾ ਦੇ ਪ੍ਰਧਾਨ ਹਨ। ਜਿਕਰਯੋਗ ਹੈ ਕਿ ਲੰਬੇ ਅਰਸੇ ਤੋਂ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਲਈ ਕੰਮ ਕਰਦੇ ਆ ਰਹੇ ਸਨ । ਢਿੱਲੋਂ ਦੀ ਸਿਫਾਰਸ਼ ਤੇ ਹੀ, ਹਰਦੀਪ ਸਿੰਘ ਸੋਢੀ ਨੂੰ ਜਿਲਾ ਯੂਥ ਕਾਂਗਰਸ ਬਰਨਾਲਾ ਦਾ ਪ੍ਰਧਾਨ ਬਣਾਇਆ ਗਿਆ ਸੀ । ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਕਾਂਗਰਸ ਪਾਰਟੀ ਵਲੋਂ ਕੇਵਲ ਸਿੰਘ ਢਿੱਲੋਂ ਦੀ ਟਿਕਟ ਕੱਟ ਕੇ ਮਨੀਸ਼ ਬਾਂਸਲ ਨੂੰ ਦਿੱਤੇ ਜਾਣ ਦੇ ਰੋਸ਼ ਵਿੱਚ ਹਰਦੀਪ ਸਿੰਘ ਸੋਢੀ ਨੇ ਜ਼ਿਲ੍ਹਾ ਯੂਥ ਵਿੰਗ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਸੀ ।
ਬੀਤੇ ਕੁੱਝ ਸਮੇਂ ਤੋਂ ਉਹ ਸਿਆਸੀ ਮੈਦਾਨ ਚੋਂ ਪਾਸੇ ਰਹਿ ਕੇ ਸਿਆਸੀ ਕਰਵਟਾਂ ਨੂੰ ਗਹੁ ਨਾਲ ਵਾਚਦੇ ਰਹੇ ਤੇ ਆਖਿਰ ਹਰਦੀਪ ਸਿੰਘ ਸੋਢੀ ਆਖਿਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ । ਉਹਨਾਂ ਦੇ ਨਾਲ ਕੌਂਸਲਰ ਕੇਵਲ ਸਿੰਘ ਤੇ ਕੁੱਝ ਹੋਰਨਾਂ ਨੇ ਵੀ ਆਮ ਆਦਮੀ ਪਾਰਟੀ ਦਾ’ ਝਾੜੂ’ ਚੱਕ ਲਿਆ।