ਆਪਸੀ ਤਾਲਮੇਲ ਰਾਹੀਂ ਸਿਵਲ ਅਤੇ ਪੁਲਿਸ ਅਧਿਕਾਰੀ ਚੋਣਾਂ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ
ਆਪਸੀ ਤਾਲਮੇਲ ਰਾਹੀਂ ਸਿਵਲ ਅਤੇ ਪੁਲਿਸ ਅਧਿਕਾਰੀ ਚੋਣਾਂ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ
- ਆਪਸੀ ਤਾਲਮੇਲ ਕਰਨ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੇ ਕੀਤੀ ਵਿਸ਼ੇਸ਼ ਬੈਠਕ
ਬਿੱਟੂ ਜਲਾਲਾਬਾਦੀ,ਫਿਰੋਜ਼ਪੁਰ 21 ਜਨਵਰੀ 2022
ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਗਿਰਿਸ਼ ਦਯਾਲਨ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਨਾਲ ਵਿਸ਼ੇਸ਼ ਤੌਰ ਤੇ ਬੈਠਕ ਕੀਤੀ। ਇਸ ਮੌਕੇ ਐੱਸ.ਐੱਸ.ਪੀ ਨਰਿੰਦਰ ਭਾਰਗਵ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਜ਼ਿਲ੍ਹਾ ਚੋਣ ਅਫਸਰ ਨੇ ਮੌਜੂਦ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਵਲ ਅਤੇ ਪੁਲਿਸ ਅਧਿਕਾਰੀਆਂ ਦਾ ਆਪਸੀ ਤਾਲਮੇਲ ਕਰਨ ਦੇ ਲਈ ਇਹ ਬੈਠਕ ਵਿਸ਼ੇਸ਼ ਤੌਰ ਤੇ ਬੁਲਾਈ ਗਈ ਹੈ।
ਉਨ੍ਹਾਂ ਸਮੂਹ ਆਰ.ਓਜ਼ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਉਹ ਆਪਣੇ ਆਪਣੇ ਹਲਕੇ ਦੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਨਾਲ ਪੂਰੀ ਤਰ੍ਹਾਂ ਨਾਲ ਚੋਣਾਂ ਨੂੰ ਨੇਪਰੇ ਚਾੜ੍ਹਨ ਲਈ ਯੋਜਨਾ ਬਣਾ ਲੈਣ। ਉਨ੍ਹਾਂ ਨੇ ਕਿਹਾ ਕਿ ਸਫਲਤਾ ਪੂਰਵਕ ਚੋਣਾਂ ਨੂੰ ਨੇਪਰੇ ਚਾੜ੍ਹਨ ਦੇ ਲਈ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦਾ ਆਪਸੀ ਸਹਿਯੋਗ ਬੇਹੱਦ ਜ਼ਰੂਰੀ ਹੈ। ਇੱਕ ਦੂਸਰੇ ਦੇ ਸਹਿਯੋਗ ਦੇ ਬਿਨਾਂ ਚੋਣ ਪ੍ਰਕਿਰਿਆਂ ਨੂੰ ਨੇਪਰੇ ਨਹੀਂ ਚੜਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਆਪਣੇ-ਆਪਣੇ ਹਲਕਿਆਂ ਦੇ ਵਿੱਚ ਮੌਕੇ ਤੇ ਜਾ ਕੇ ਜਾਇਜ਼ਾ ਲੈਣ ਅਤੇ ਸਕਿਓਰਿਟੀ ਤੇ ਵੋਟਿੰਗ ਸਮੇਂ ਜੋ-ਜੋ ਮੁਸ਼ਕਲਾਂ ਪੇਸ਼ ਆ ਸਕਦੀਆਂ ਹਨ ਉਸ ਸਬੰਧੀ ਯੋਜਨਾਬੱਧ ਤਰੀਕੇ ਨਾਲ ਅਗੇਤੇ ਪ੍ਰਬੰਧ ਕਰ ਲੈਣ। ਉਨ੍ਹਾਂ ਕਿਹਾ ਕਿ ਦੋਨਾਂ ਵਿੱਚ ਕਿਸੇ ਤਰ੍ਹਾਂ ਦੀ ਵੀ ਤਾਲਮੇਲ ਦੀ ਕਮੀ ਨਹੀਂ ਹੋਣੀ ਚਾਹੀਦੀ ਅਤੇ ਪਹਿਲਾਂ ਹੀ ਹਰ ਤਰ੍ਹਾਂ ਦੇ ਪ੍ਰਬੰਧ ਕਰ ਲਏ ਜਾਣੇ ਚਾਹੀਦੇ ਹਨ।
ਇਸ ਦੌਰਾਨ ਐੱਸ.ਐੱਸ.ਪੀ. ਨਰਿੰਦਰ ਭਾਰਗਵ ਨੇ ਮੌਜੂਦ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਆਪਣੇ- ਆਪਣੇ ਹਲਕਿਆਂ ਦੇ ਵਿੱਚ ਹਰ ਇੱਕ ਬੂਥ ਤੇ ਸੁਰੱਖਿਆ ਦੇ ਪੂਰੇ ਪ੍ਰਬੰਧ ਹੋਣੇ ਚਾਹੀਦੇ ਹਨ। ਪੁਲਿਸ ਅਧਿਕਾਰੀ ਵੀ ਸਿਵਲ ਅਧਿਕਾਰੀਆਂ ਦੇ ਨਾਲ ਪੁਲਿਸ ਕਰਮਚਾਰੀਆਂ ਨੂੰ ਲਗਾਉਣ ਸਬੰਧੀ ਪੂਰੀ ਤਰ੍ਹਾਂ ਨਾਲ ਤਾਲਮੇਲ ਕਰ ਲੈਣ। ਉਨ੍ਹਾਂ ਕਿਹਾ ਕਿ ਜਿਸ ਕਰਮਚਾਰੀ ਨੂੰ ਜਿਹੜੀ ਡਿਊਟੀ ਸੌਂਪੀ ਜਾਵੇਗੀ ਉਸਨੂੰ ਤਨਦੇਹੀ ਨਾਲ ਨਿਭਾਉਣ ਅਤੇ ਜੇਕਰ ਕਿਸੇ ਅਧਿਕਾਰੀ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਤਾਲਮੇਲ ਬਣਾ ਕੇ ਰੱਖਣ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨ. ਅਮਿਤ ਮਹਾਜਨ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਅਮਰਦੀਪ ਗੁਜਰਾਲ, ਐੱਸ.ਡੀ. ਐਮ. ਫਿਰੋਜ਼ਪੁਰ ਓਮ ਪ੍ਰਕਾਸ਼, ਐੱਸ.ਡੀ.ਐੱਮ ਗੁਰੂਹਰਸਹਾਏ ਬਬਨਦੀਪ ਸਿੰਘ, ਐੱਸ.ਡੀ.ਐੱਮ ਜ਼ੀਰਾ ਸੂਬਾ ਸਿੰਘ, ਤਹਿਸੀਲਦਾਰ ਚੋਣਾਂ ਚਾਂਦ ਪ੍ਰਕਾਸ਼ ਸਮੇਤ ਜ਼ਿਲ੍ਹੇ ਦੇ ਐੱਸਪੀ, ਸਮੂਹ ਡੀਐੱਸਪੀ, ਪੁਲਿਸ ਕਰਮਚਾਰੀ ਅਤੇ ਬੀਐੱਸਐੱਫ ਦੇ ਜਵਾਨ ਵੀ ਮੌਜੂਦ ਸਨ।