ਆਦਰਸ਼ ਸਕੂਲ ਦੇ ਅਧਿਆਪਕ ‘ਤੇ ਹੋਏ ਜਾਨਲੇਵਾ ਹਮਲੇ ਦੀ ਡੀ.ਟੀ.ਐੱਫ ਵੱਲੋਂ ਸਖ਼ਤ ਨਿਖੇਧੀ
ਆਦਰਸ਼ ਸਕੂਲ ਦੇ ਅਧਿਆਪਕ ‘ਤੇ ਹੋਏ ਜਾਨਲੇਵਾ ਹਮਲੇ ਦੀ ਡੀ.ਟੀ.ਐੱਫ ਵੱਲੋਂ ਸਖ਼ਤ ਨਿਖੇਧੀ
- ਪਟਿਆਲਾ ਪ੍ਰਸ਼ਾਸਨ ਵੱਲੋਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੇ ਜਾਵੇ- ਡੀ.ਟੀ.ਐੱਫ.
ਰਿਚਾ ਨਾਗਪਾਲ,ਪਟਿਆਲਾ ,13 ਫਰਵਰੀ 2022
ਸੀਨੀਅਰ ਸੈਕੰਡਰੀ ਆਦਰਸ਼ ਸਕੂਲ ਬਾਲਦ ਖੁੁਰਦ ਦੇ ਗੁੰਡਾ ਤੇ ਸ਼ਰਾਰਤੀ ਕਿਸਮ ਦੇ ਵਿਦਿਆਰਥੀ ਗਰੁੱਪ ਵੱਲੋਂ ਆਪਣੇ ਹੀ ਸਕੂਲ ਦੇ ਹੀ ਸਰੀਰਕ ਸਿੱਖਿਆ ਅਧਿਆਪਕ ਪ੍ਰਦੀਪ ਸਿੰਘ ‘ਤੇ ਪਟਿਆਲੇ ਜ਼ਿਲ੍ਹੇ ਦੇ ਪਿੰਡ ਫਤਹਿਗਡ਼੍ਹ ਛੰਨਾ ਨੇਡ਼ੇ ਕੀਤੇ ਗਏ ਜਾਨਲੇਵਾ ਹਮਲੇ ਦੀ ਨਿਖੇਧੀ ਕਰਦਿਆਂ ਡੈਮੋਕਰੈਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਨੇ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਸਥਾਨਕ ਅਮਰ ਹਸਪਤਾਲ ਵਿਖੇ ਵਿਸ਼ੇਸ਼ ਤੌਰ ‘ਤੇ ਜਖਮੀ ਅਧਿਆਪਕ ਦਾ ਹਾਲ ਚਾਲ ਜਾਣਨ ਅਤੇ ਪਰਿਵਾਰ ਨੂੰ ਮਿਲਣ ਲਈ ਪਹੁੰਚੇ ਡੈਮੋਕਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਿਲ੍ਹਾ ਪ੍ਰਧਾਨ ਅਤਿੰਦਰ ਘੱਗਾ ਅਤੇ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਸੂਬਾਈ ਪ੍ਰੈੱਸ ਸਕੱਤਰ ਸਤਪਾਲ ਸਮਾਣਵੀ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਦੋਸ਼ੀਆਂ ਖ਼ਿਲਾਫ਼ ਇਰਾਦਾ ਕਤਲ ਦੀ ਧਾਰਾ ਤਹਿਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਆਗੂਆਂ ਮੰਗ ਕੀਤੀ ਕਿ ਇਸ ਮਾਮਲੇ ਦੀ ਇਸ ਗੰਭੀਰਤਾ ਨਾਲ ਜਾਂਚ ਕਰਕੇ ਹਮਲੇ ਵਿੱਚ ਸਿੱਧੇ ਤੇ ਅਸਿੱਧੇ ਤੌਰ ਤੇ ਸ਼ਾਮਿਲ ਸਮੂਹ ਵਿਅਕਤੀਆਂ ਨੂੰ ਸਾਹਮਣੇ ਲਿਆਉਣਾ ਚਾਹੀਦਾ ਹੈ। ਗੌਰਤਲਬ ਹੈ ਕਿ ਆਦਰਸ਼ ਸਕੂਲ ਬਾਲਦ ਖੁਰਦ ਵਿਖੇ ਕਈ ਮਾਮਲਿਆਂ ਵਿੱਚ ਪਹਿਲਾਂ ਵੀ ਸੰਘਰਸ਼ ਦਾ ਪਿੜ ਮੱਘਦਾ ਰਿਹਾ ਹੈ, ਕਿਉਂਕਿ ਇਹ ਸਕੂਲ ਸਰਕਾਰ ਦੇ ਪੀ.ਪੀ.ਪੀ. ਮੋਡ ਤਹਿਤ ਪ੍ਰਾਈਵੇਟ ਮੈਨੇਜਮੈਂਟਾਂ ਦੁਆਰਾ ਚਲਾਇਆ ਜਾ ਰਿਹਾ ਹੈ। ਜਦਕਿ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਤੋਂ ਲੰਮੇ ਸਮੇਂ ਤੋਂ ਮੰਗ ਕੀਤੀ ਜਾਂਦੀ ਰਹੀ ਹੈ, ਕਿ ਇਨ੍ਹਾਂ ਆਦਰਸ਼ ਸਕੂਲਾਂ ਨੂੰ ਪੰਜਾਬ ਸਕੂਲ ਸਿੱਖਿਆ ਵਿਭਾਗ ਅਧੀਨ ਕੀਤਾ ਜਾਵੇ ਅਤੇ ਇੱਥੋਂ ਦੇ ਸਾਰੇ ਅਧਿਆਪਕਾਂ ਨੂੰ ਸਰਕਾਰੀ ਅਧਿਆਪਕਾਂ ਵਾਂਗ ਬਣਦੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ, ਪਰ ਸਰਕਾਰ ਵੱਲੋਂ ਅਜੇ ਤੱਕ ਇਨ੍ਹਾਂ ਦੇ ਹੱਕ ਵਿਚ ਕੋਈ ਕਾਰਵਾਈ ਨਹੀਂ ਕੀਤੀ ਗਈ। ਸਗੋਂ ਮੈਨੇਜਮੈਂਟਾਂ ਵੱਲੋਂ ਕੀਤੀਆਂ ਜਾ ਰਹੀਆਂ ਵਿੱਤੀ ਬੇਨਿਯਮੀਆਂ ਅਤੇ ਆਦਰਸ਼ ਸਕੂਲਾਂ ਵਿੱਚ ਹੋ ਰਹੀ ਅਨੁਸ਼ਾਸਨਹੀਣਤਾ ਪ੍ਰਤੀ, ਪੰਜਾਬ ਸਰਕਾਰ ਨੇ ਹੁਣ ਵੀ ਸਾਜ਼ਿਸ਼ੀ ਤੌਰ ‘ਤੇ ਅੱਖਾਂ ਬੰਦ ਕੀਤੀਆਂ ਹੋਈਆਂ ਹਨ। ਡੀਟੀਐੱਫ ਆਗੂਆਂ ਨੇ ਦੋਸ਼ੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਅਤੇ ਅਜਿਹਾ ਨਾ ਹੋਣ ਦੀ ਸੂਰਤ ਵਿਚ ਸੰਘਰਸ਼ ਮਘਾਉਣ ਦਾ ਐਲਾਨ ਵੀ ਕੀਤਾ। ਇਸ ਮੌਕੇ ਡੀ.ਟੀ.ਐੱਫ ਆਗੂ ਗੁਰਵੀਰ ਸਿੰਘ ਟੋਡਰਪੁਰ ਅਤੇ ਮੁਲਾਜ਼ਮ ਆਗੂ ਜਸਪਾਲ ਸਿੰਘ ਵੀ ਮੌਜੂਦ ਰਹੇ।