ਆਗਾਮੀ ਵਿਧਾਨ ਸਭਾ ਚੋਣਾਂ ਸਬੰਧੀ DC ਵੱਲੋਂ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆ ਨਾਲ ਮੀਟਿੰਗ
ਆਗਾਮੀ ਵਿਧਾਨ ਸਭਾ ਚੋਣਾਂ ਸਬੰਧੀ DC ਵੱਲੋਂ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆ ਨਾਲ ਮੀਟਿੰਗ
ਅਸ਼ੋਕ ਧੀਮਾਨ,ਫਤਹਿਗੜ੍ਹ ਸਾਹਿਬ, 20 ਦਸੰਬਰ 2021
ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਆਪਣੇ ਦਫਤਰ ਵਿਖੇ ਵੱਖ ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਆਦਰਸ਼ ਚੋਣ ਜਾਬਤਾ ਲਾਗੂ ਹੋਣ ਤੇ ਕਿਸੇ ਵੀ ਪਾਰਟੀ ਵੱਲੋਂ ਜੇਕਰ ਕੋਈ ਰੈਲੀ ਕੀਤੀ ਜਾਣੀ ਹੈ ਤਾਂ ਉਹ ਬਿਨ੍ਹਾਂ ਪ੍ਰਸ਼ਾਸ਼ਿਨਕ ਮੰਨਜੂਰੀ ਦੇ ਨਹੀ ਕੀਤੀ ਜਾਵੇਗੀ। ਅਜਿਹੀ ਰੈਲੀ ਦਾ ਖਰਚਾ ਚੋਣਾਂ ਸਬੰਧੀ ਪਾਰਟੀ ਦੇ ਖਾਤੇ ਵਿੱਚ ਪਵੇਗਾ। ਇਸਦੇ ਨਾਲ ਨਾਲ ਜੇ ਕੋਈ ਸਟਾਰ ਪ੍ਰਚਾਰਕ ਆਉਂਦਾ ਹੈ ਤਾਂ ਉਸਦਾ ਖਰਚਾ ਵੀ ਖਰਚਾ ਬੁੱਕ ਵਿੱਚ ਦਰਜ ਹੋਵੇਗਾ। ਉਨ੍ਹਾਂ ਕਿਹਾ ਕਿ ਰੈਲੀਆਂ ਸਬੰਧੀ ਗਰਾਂਉਡ ਵੀ ਪਹਿਲਾਂ ਤੋਂ ਹੀ ਨੋਟੀਫਾਈ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਚੋਣ ਜਾਬਤੇ ਦੌਰਾਨ ਕੋਈ ਵੀ ਨਵਾਂ ਕੰਮ ਜਾਂ ਸਕੀਮ ਸੁਰੂ ਨਹੀ ਕੀਤੇ ਜਾ ਸਕਦੇ ਹਾਲਾਂਕਿ ਪਹਿਲਾਂ ਤੋਂ ਜਾਰੀ ਕੰਮਾਂ ਅਤੇ ਸਕੀਮਾਂ ਉੱਤੇ ਕੋਈ ਰੋਕ ਨਹੀ ਹੋਵੇਗੀ। ਉਨ੍ਹਾਂ ਦੱਸਿਆ ਕਿ ਜਲੂਸ ਜਾਂ ਰੈਲੀ ਕੱਢਣ ਦੀ ਸੂਰਤ ਵਿੱਚ ਪਹਿਲਾਂ ਹੀ ਤੈਅ ਰੂਟ ਪਲਾਨ ਦੀ ਜਾਣਕਾਰੀ ਪ੍ਰਸ਼ਾਸ਼ਨ ਨੂੰ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਦੱਸਿਆ ਕਿ ਇਸ ਵਾਰ ਵੱਧ ਤੋਂ ਵੱਧ ਵੋਟਰਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਇੱਕ ਨਿਵੇਕਲਾ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਤਹਿਤ ਇੱਕ ਔਰਤ ਇੱਕ ਬੂਥ ਨਾਲ ਸਬੰਧਤ ਵੋਟਰਾਂ ਦੇ ਘਰ ਘਰ ਜਾ ਕੇ ਵੋਟ ਪਾਉਣ ਦਾ ਹੋਕਾ ਦੇਵੇਗੀ ਜਿਸਨੂੰ ਕਿ ‘ਵੋਟਾਂ ਵਾਲੀ ਭੈਣ’ ਦਾ ਨਾਮ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਜਿਲ੍ਹੇ ਦੇ 570 ਪੋਲਿੰਗ ਸਟੇ਼ਸ਼ਨਾਂ ’ਤੇ 4 ਲੱਖ 45 ਹਜ਼ਾਰ 755 ਵੋਟਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ ਜਿਨ੍ਹਾਂ ਵਿੱਚ 2 ਲੱਖ 34 ਹਜ਼ਾਰ 764 ਮਰਦ ਵੋਟਰ ਅਤੇ 2 ਲੱਖ 10 ਹਜ਼ਾਰ 983 ਮਹਿਲਾ ਵੋਟਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ 80 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵੋਟਰ ਆਪਣੀ ਮਰਜ਼ੀ ਅਨੁਸਾਰ ਪੋਲਿੰਗ ਸਟੇਸ਼ਨ ਜਾਂ ਆਪਣੇ ਘਰਾਂ ਵਿੱਚ ਬੈਲਟ ਪੇਪਰਾਂ ਰਾਹੀਂ ਆਪਣੀ ਵੋਟ ਪਾ ਸਕਣਗੇ, ਜਿਸ ਲਈ ਸਬੰਧਤ ਵੋਟਰ ਵੱਲੋਂ ਲਿਖਤੀ ਰੂਪ ਵਿੱਚ ਆਪਣੀ ਸਹਿਮਤੀ ਦੇਣੀ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿ਼ਲ੍ਹੇ ਵਿੱਚ ਆਦਰਸ਼ ਚੋਣ ਜਾਬਤੇ ਦੀ ਸਖਤੀ ਨਾਲ ਪਾਲਣਾ ਕਰਨੀ ਯਕੀਨੀ ਬਣਾਈ ਜਾਵੇਗੀ ਅਤੇ ਕਿਸੇ ਵੀ ਸਰਕਾਰੀ ਦਫ਼ਤਰ ਦੀ ਇਮਾਰਤ ’ਤੇ ਕਿਸੇ ਵੀ ਪਾਰਟੀ ਜਾਂ ਉਮੀਦਵਾਰ ਦਾ ਬੈਨਰ ਜਾਂ ਹੋਰ ਕੋਈ ਸਮੱਗਰੀ ਨਹੀਂ ਲੱਗੇਗੀ। ਜਿ਼ਲ੍ਹਾ ਚੋਣ ਅਫਸਰ ਨੇ ਹੋਰ ਦੱਸਿਆ ਕਿ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਚੋਣਾ ਕਰਵਾਉਣ ਲਈ ਵੱਖ-ਵੱਖ ਚੌਕਸੀ ਤੇ ਨਿਗਰਾਨ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਕਿ 24 ਘੰਟੇ ਡਿਊਟੀ ਦੇਣਗੀਆਂ। ਉਨ੍ਹਾਂ ਦੱਸਿਆ ਕਿ ਦਿਵਿਆਂਗ ਵੋਟਰਾਂ ਦੀ ਸਹੂਲਤ ਲਈ ਪੋਲਿੰਗ ਸਟੇਸ਼ਨਾਂ ’ਤੇ ਸਾਰੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਦਿਵਿਆਂਗ ਵੋਟਰਾਂ ਨੂੰ ਕਿਸੇ ਕਿਸਮ ਦੀ ਪ੍ਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੌਕੇ ਜਿ਼ਲ੍ਹਾ ਚੋਣ ਅਫਸਰ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀ ਕਿਹਾ ਕਿ ਵੱਧ ਤੋਂ ਵੱਧ ਵੋਟਰਾਂ ਵੱਲੋਂ ਵੋਟਾਂ ਪਾਉਣੀਆਂ ਯਕੀਨੀ ਬਣਾਉਣ ਵਿੱਚ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਅਨੀਤਾ ਦਰਸ਼ੀ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਨੁਪ੍ਰਿਤਾ ਜੌਹਲ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।