ਆਈ.ਜੀ. ਪਰਮਾਰ ਦੀ ਅਗਵਾਈ ‘ਚ ਡੇਰਾ ਮੁਖੀ ਦੀ ਪੁੱਛ-ਗਿੱਛ ਲਈ ਸੋਨਾਰੀਆ ਜੇਲ੍ਹ ਵੱਲ ਰਵਾਨਾ ਹੋਈ SIT
6 ਮੈਂਬਰੀ ਸਿਟ ‘ਚ 1 ਆਈਜੀ , 1 ਐਸ ਐਸ ਪੀ, 1 ਡੀਐਸਪੀ ਵੀ ਸ਼ਾਮਿਲ
ਬਲਵਿੰਦਰ ਪਾਲ ,ਪਟਿਆਲਾ 8 ਨਵੰਬਰ 2021
ਇੱਕ ਪਾਸੇ ਅੱਜ ਤੋਂ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਇਜਲਾਸ ਸ਼ੁਰੂ ਹੋ ਗਿਆ। ਦੂਜੇ ਪਾਸੇ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਲਈ ਗਠਿਤ ਸਿੱਟ ਵੀ ਆਈ ਜੀ Ludhiana Range ਐਸ ਪੀ ਐਸ ਪਰਮਾਰ ਦੀ ਅਗਵਾਈ ਵਿੱਚ ਅੱਜ ਸਵੇਰੇ ਰਾਜਪੁਰਾ ਤੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਤੋਂ ਪੁੱਛ-ਗਿੱਛ ਕਰਨ ਲਈ ਸੋਨਾਰੀਆ ਜੇਲ੍ਹ ਲਈ ਰਵਾਨਾ ਹੋ ਗਈ ਹੈ । ਟੀਮ ਦੇ ਮੁਖੀ ਪਰਮਾਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪੁੱਛਗਿੱਛ ਲਈ ਟੀਮ ਨੇ ਸਵਾਲਾਂ ਦੀ ਸੂਚੀ ਤਿਆਰ ਕੀਤੀ ਹੋਈ ਹੈ। ਸਵਾਲਾਂ ਦੇ ਜੁਆਬਾਂ ਵਿਚੋਂ ਕਈ ਹੋਰ ਸਵਾਲ ਵੀ ਨਿੱਕਲਦੇ ਹਨ। ਉਨ੍ਹਾਂ ਪੁੱਛਗਿੱਛ ਦੇ ਸਮੇਂ ਬਾਰੇ ਪੁੱਛਣ ਤੇ ਵਿਅੰਗ ਕਰਦਿਆਂ ਕਿਹਾ, ਪੁੱਛਗਿੱਛ ਲਈ 45 ਮਿੰਟ ਵਾਲੇ ਕਲਾਸ ਪੀਰੀਅਡ ਵਾਂਗ ਕੋਈ ਟਾਈਮ ਤੈਅ ਨਹੀਂ ਹੁੰਦਾ । ਸਵਾਲ ਜੁਆਬ ਦਾ ਸਿਲਸਿਲਾ ਲੰਬਾ ਵੀ ਹੋ ਸਕਦਾ ਹੈ। ਪਰਮਾਰ ਨੇ ਹਾਈਪ੍ਰੋਫਾਈਲ ਕੇਸ ਹੋਣ ਕਾਰਣ, ਟੀਮ ਤੇ ਕਿਸੇ ਕਿਸਮ ਦਾ ਕੋਈ ਦਬਾਅ ਹੋਣ ਸਬੰਧੀ ਪੁੱਛਣ ਤੇ ਕਿਹਾ ਪ੍ਰੋਫੈਸ਼ਨਲ ਢੰਗ ਦੀ ਪੁੱਛਗਿੱਛ ਕਰਨ ਵਾਲੇ ਅਧਿਕਾਰੀ ਅਜਿਹਾ ਕੋਈ ਦਬਾਅ ਨਹੀਂ ਮੰਨਦੇ।
ਵਰਨਣਯੋਗ ਹੈ ਕਿ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ ਵਿੱਚ ਪੰਜਾਬ ਪੁਲਿਸ ਨੇ ਛੇ ਡੇਰਾ ਪ੍ਰੇਮੀ ਪਹਿਲਾਂ ਹੀ ਫੜੇ ਹੋਏ ਹਨ। ਇਸ ਮਾਮਲੇ ਵਿੱਚ ਪੰਜਾਬ ਪੁਲਿਸ ਦੀ SIT (ਵਿਸ਼ੇਸ਼ ਜਾਂਚ ਟੀਮ) ਵੱਲੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਪੁੱਛ-ਗਿੱਛ ਲਈ ਪ੍ਰੋਡਕਸ਼ਨ ਵਾਰੰਟ ਦੀ ਚਾਰਾਜੋਈ ਕੀਤੀ ਜਾ ਰਹੀ ਸੀ।ਅੱਜ ਰਵਾਨਾ ਹੋਈ SIT ਵਿੱਚ ਹੋਰ ਮੈਂਬਰ ਐਸ.ਐਸ. ਪੀ. ਬਟਾਲਾ ਮੁਖਵਿੰਦਰ ਸਿੰਘ ਭੁੱਲਰ, ਡੀ.ਐਸ.ਪੀ. ਲਖਵੀਰ ਸਿੰਘ, ਇੰਸਪੈਕਟਰ ਦਲਬੀਰ ਸਿੰਘ ਸ਼ਾਮਲ ਸਨ। ਇਸ ਤੋਂ ਇਲਾਵਾ ਟੀਮ ਦੀ ਸਹਾਇਤਾ ਲਈ ਥਾਣਾ ਬਾਜਾਖਾਨਾ ਦੇ ਐਸ.ਐਚ.ਓ. ਇਕਬਾਲ ਹੁਸੈਨ, ਐਸ.ਆਈ. ਹਰਪ੍ਰੀਤ ਸਿੰਘ ਤੇ ਐਸ.ਆਈ. ਰਾਜੇਸ਼ ਕਿੰਗ ਵੀ ਸ਼ਾਮਲ ਸਨ।