ਅਧਿਆਪਾਕਾਂ ਦਾ ਰੋਹ ਦੇਖ ਕੇ , ਸਿੱਖਿਆ ਮੰਤਰੀ ਮੀਤ ਹੇਅਰ ਨੂੰ ਪੈ ਗਿਆ ਭੱਜਣਾ
ਡੈਪੂਟੇਸ਼ਨ ਤੇ ਭੇਜੇ ਅਧਿਆਪਕਾਂ ਨੇ ਲਾਇਆ ਮੀਤ ਹੇਅਰ ਦੀ ਕੋਠੀ ਅੱਗੇ ਪੱਕਾ ਡੇਰਾ
ਮੀਤ ਹੇਅਰ ਨੇ ਕਿਹਾ ! ਥੋੜ੍ਹਾ ਕਰੋ ਇੰਤਜ਼ਾਰ, ਪ੍ਰਦਰਸ਼ਨਕਾਰੀ ਬੋਲੇ ਲਉ ਜੀ ਅਸੀਂ ਹਾਂ ਬੈਠਣ ਨੂੰ ਤਿਆਰ
ਰਘਵੀਰ ਹੈਪੀ , ਬਰਨਾਲਾ 3 ਅਪ੍ਰੈਲ 2022
ਵੱਖ ਵੱਖ ਜਿਲ੍ਹਿਆਂ ‘ਚ ਡੈਪੂਟੇਸ਼ਨ ਤੇ ਭੇਜੇ ਹੋਏ ਵੱਡੀ ਸੰਖਿਆ ਵਿੱਚ ਪਹੁੰਚੇ ਅਧਿਆਪਕਾਂ ਨੇ ਅੱਜ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਤੋਂ ਕੋਈ ਠੋਸ ਜੁਆਬ ਨਾ ਮਿਲਣ ਤੋਂ ਬਾਅਦ ਉਨ੍ਹਾਂ ਦੀ ਕੋਠੀ ਮੂਹਰੇ ਅਣਮਿੱਥੇ ਸਮੇਂ ਲਈ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਹੈ। ਸੂਬੇ ਦੇ ਵੱਖ ਵੱਖ ਜਿਲ੍ਹਿਆਂ ਤੋਂ ਪਹੁੰਚੇ ਪ੍ਰਦਰਸ਼ਨਕਾਰੀ ਅਧਿਆਪਕਾਂ ਨੇ ਸਿੱਖਿਆ ਮੰਤਰੀ ਮੀਤ ਹੇਅਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਜ਼ੋਰਦਾਰ ਨਾਅਰੇਬਾਜੀ ਕਰਦਿਆਂ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ। ਹੋਇਆ ਇਉਂ ਕਿ ਡੈਪੂਟੇਸ਼ਨ ਤੇ ਵੱਖ ਵੱਖ ਜਿਲ੍ਹਿਆਂ ਦੇ ਸਕੂਲਾਂ ਵਿੱਚ ਤਾਇਨਾਤ ਪ੍ਰਾਇਮਰੀ ਟੀਚਰ ਇੱਕ ਵਫਦ ਲੈ ਕੇ ਸਿੱਖਿਆ ਮੰਤਰੀ ਦੀ ਕੋਠੀ, ਉਨ੍ਹਾਂ ਨੂੰ ਮਿਲਣ ਲਈ ਪਹੁੰਚੇ ਸਨ, ਪਰੰਤੂ ਉਹ ਸਿੱਖਿਆ ਮੰਤਰੀ ਦੇ ਜੁਆਬ ਤੋਂ ਸੰਤੁਸ਼ਟ ਨਾ ਹੋਏ, ਅਧਿਆਪਕਾਂ ਨੇ ਸਿੱਖਿਆ ਮੰਤਰੀ ਨੂੰ ਕਿਹਾ ਕਿ ਤੁਹਾਡੀ ਇੱਕ ਫੋਨ ਕਾਲ ਨਾਲ ਹੀ, ਉਨਾਂ ਦੀ ਮੰਗ ਪੂਰੀ ਹੋ ਸਕਦੀ ਹੈ, ਕਿਉਂਕਿ ਉਨਾਂ ਦੀ ਮੰਗ ਨਾਲ ਨਾ ਤਾਂ ਖਜਾਨੇ ਤੇ ਕੋਈ ਵਾਧੂ ਬੋਝ ਪੈਣਾ ਹੈ, ਨਾ ਹੀ ਬੱਚਿਆਂ ਦੇ ਭਵਿੱਖ ਤੇ ਕੋਈ ਅਸਰ ਪੈਣ ਵਾਲਾ ਹੈ। ਬੱਸ ਉਹ ਇੱਕ ਫੋਨ ਦੀ ਘੰਟੀ ਨਾਲ, ਆਪਣੇ ਆਪਣੇ ਜਿਲ੍ਹਿਆਂ ਦੇ ਸਕੂਲਾਂ ਵਿੱਚ ਜਾ ਕੇ ਤਨਦੇਹੀ ਤੇ ਇਮਾਨਦਾਰੀ ਨਾਲ ਡਿਊਟੀ ਨਿਭਾਉਣਗੇ ਤੇ ਉਨਾਂ ਨੂੰ ਹਰ ਦਿਨ ਦੂਰ ਦੁਰਾਡੇ ਜਾ ਕੇ ਝੱਲਣੀਆਂ ਪੈਂਦੀਆਂ ਸਮੱਸਿਆਵਾਂ ਤੋਂ ਰਾਹਤ ਮਿਲ ਜਾਵੇਗੀ। ਪਰੰਤੂ ਮੀਤ ਹੇਅਰ ਨੇ ਕਿਹਾ ਕਿ ਉਨ੍ਹਾਂ ਨੂੰ ਸਮਾਂ ਦਿਉ, ਫਿਰ ਕੀ ਸੀ, ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜੀ ਸ਼ੁਰੂ ਕਰ ਦਿੱਤੀ ਤੇ ਮੀਤ ਹੇਅਰ ਆਪਣੀ ਗੱਡੀ ਵਿੱਚ ਬਹਿ ਕੇ ਫੁਰਰ ਹੋ ਗਏ।
ਡੈਪੂਟੇਸ਼ਨ ਰੱਦ ਕਰਵਾਉਣ ਦੀ ਮੁੱਖ ਮੰਗ
ਪ੍ਰਦਰਸ਼ਨਕਾਰੀ ਅਧਿਆਪਕਾਂ ਰਮਨਦੀਪ ਕੌਰ ਤਰਨਤਾਰਨ, ਮਨਜੀਤ ਕੌਰ ਫਾਜਿਲਕਾ, ਕੁਲਵਿੰਦਰ ਕੌਰ ਮੋਗਾ ਅਤੇ ਮਨੀਸ਼ ਕਮਾਰ ਨੇ ਦੱਸਿਆ ਕਿ ਉਨ੍ਹਾਂ ਦੀਆਂ ਬਦਲੀਆ ਆਨਲਾਇਨ ਟਰਾਸਫਰ ਪਾਲਿਸੀ ਦੇ ਤਹਿਤ ਸਾਲ 2019-20 ਅਤੇ 2020-21 ਵਿੱਚ ਹੋਈਆਂ ਹਨ । ਪਰ ਵਿਭਾਗ ਦੁਆਰਾ ਸਮੇਂ ਸਮੇਂ ਤੇ ਪੱਤਰ ਜਾਰੀ ਕਰਨ ਕਰਕੇ ਸਾਨੂੰ ਹੁਣ ਤੱਕ ਫਾਰਗ ਨਹੀਂ ਕੀਤਾ ਗਿਆ । ਸਿੱਖਿਆ ਵਿਭਾਗ ਦੇ ਪੱਤਰ ਡਿਪਟੀ ਐਸ.ਪੀ.ਡੀ(ਪੀ.ਈ.ਡੀ.ਬੀ) 2021/122853 ਮਿਤੀ 03/09/2021 ਦੇ ਰਾਹੀਂ ਪੈਰਾਂ ਨੂੰ 3 ਵਿੱਚ NAS Survey 2021 ਅਤੇ ਸਲਾਨਾ ਪ੍ਰੀਖਿਆ ਮਾਰਚ 2022 ਦਾ ਹਵਾਲਾ ਦੇ ਕੇ ਰੋਕਿਆ ਗਿਆ ਸੀ। ਪਰ ਇਸ ਪੱਤਰ ਦੇ ਪੈਰਾਂ ਨੂੰ 4 ਵਿੱਚ ਵਿਭਾਗ ਵਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਜਿਨ੍ਹਾਂ ਅਧਿਆਪਕਾਂ ਦੀ ਬਦਲੀਆ ਸਾਲ 2021 ਦੌਰਾਨ ਹੋਈਆਂ ਹਨ । ਉਹਨਾਂ ਦੇ ਬਦਲੀ ਦੇ ਹੁਕਮ ਮਿਤੀ 01/04/2022 ਤੋਂ ਲਾਗੂ ਕੀਤੇ ਜਾਣਗੇ। ਉਨਾਂ ਕਿਹਾ ਕਿ ਪਿਛਲੇ ਕਾਫ਼ੀ ਸਮੇਂ ਤੋਂ ਵਿਭਾਗ ਵੱਲੋਂ ਨਵੀਂ ਭਰਤੀ ਦਾ ਹਵਾਲਾ ਦੇ ਕੇ ਹੁਣ ਤੱਕ ਅਧਿਆਪਕਾ ਨੂੰ ਖੱਜਲ-ਖੁਆਰ ਕੀਤਾ ਜਾ ਰਿਹਾ ਹੈ । ਜਿਸ ਕਰਕੇ ਸਾਰੇ ਅਧਿਆਪਕ ਘਰ ਤੋਂ 200-300 ਕਿਲੋਮੀਟਰ ਦੀ ਦੂਰੀ ਤੇ ਡਿਊਟੀਆਂ ਤੇ ਜਾਣ ਕਾਰਨ ਮਾਨਸਿਕ ਪ੍ਰੇਸ਼ਾਨੀ ਦਾ ਸ਼ਿਕਾਰ ਹੋ ਰਹੇ ਹਨ । ਜਦੋਂ ਕਿ ਵਿਭਾਗ ਵਲੋਂ ਬਾਕੀ ਕੇਡਰ ਜਿਵੇ ਕਿ 3704 / 3582,ਡੀ.ਪੀ. ਆਦਿ ਨੂੰ ਬਿਨ੍ਹਾਂ ਕਿਸੇ ਕੰਡੀਸ਼ਨ ਤੋਂ ਫਾਰਗ ਕੀਤਾ ਜਾ ਰਿਹਾ ਹੈ।
ਉਨਾਂ ਦੱਸਿਆ ਕਿ ਅਸੀਂ ਵਿਭਾਗ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਭੇਜ ਕੇ ਦੱਸਿਆ ਸੀ ਕਿ ਉਪਰੋਕਤ ਜਾਣਕਾਰੀ ਧਿਆਨ ਵਿੱਚ ਰੱਖਦੇ ਹੋਏ ਸਮੂਹ ਡੈਪੂਟੇਸ਼ਨ ਉੱਪਰ ਕੰਮ ਕਰ ਰਹੇ ਅਧਿਆਪਕਾਂ ਨੂੰ ਤੁਰੰਤ ਫਾਰਗ ਕਰਨ ਦਾ ਪੱਤਰ ਜਾਰੀ ਕੀਤਾ ਜਾਵੇ । ਜੇਕਰ ਮਿਤੀ 02/04/2022 ਤੱਕ ਡੈਪੂਟੇਸ਼ਨ ਰੱਦ ਕਰਨ ਸੰਬੰਧੀ ਪੱਤਰ ਜਾਰੀ ਨਾ ਕੀਤਾ ਗਿਆ ਤਾਂ ਸਮੂਹ ਡੈਪੂਟੇਸ਼ਨ ਉੱਪਰ ਕੰਮ ਕਰ ਰਹੇ ਅਧਿਆਪਕ ਪੰਜਵੀਂ ਜਮਾਤ ਦੀ ਪ੍ਰੀਖਿਆਵਾਂ ਖ਼ਤਮ ਹੋਣ ਉਪਰੰਤ ਮਿਤੀ 03/04/2022 ਤੋਂ ਅਣਮਿਥੇ ਸਮੇਂ ਲਈ ਸਮੂਹਿਕ ਛੁੱਟੀ ਤੇ ਚਲੇ ਜਾਣਗੇ ਅਤੇ ਸਾਰੇ ਆਨਲਾਇਨ ਕੰਮਾਂ ਦਾ ਵੀ ਉਦੋਂ ਤੱਕ ਬਾਇਕਾਟ ਕੀਤਾ ਜਾਵੇਗਾ । ਜਦੋਂ ਤੱਕ ਉਹ ਫਾਰਗ ਹੋ ਕੇ ਆਪਣੇ ਬਦਲੀ ਵਾਲੇ ਸਕੂਲ ਵਿੱਚ ਹਾਜ਼ਰ ਨਹੀਂ ਹੋ ਜਾਣਗੇ। ਇਸ ਤਰਾਂ ਹੋਣ ਵਾਲੇ ਨੁਕਸਾਨ ਲਈ ਸੰਪੂਰਨ ਤੌਰ ਤੇ ਸਿੱਖਿਆ ਵਿਭਾਗ ਜਿੰਮੇਵਾਰ ਹੋਵੇਗਾ। ਅਧਿਆਪਕ ਆਗੂ ਰਮਨਦੀਪ ਕੌਰ ਤਰਨਤਾਰਨ ਨੇ ਕਿਹਾ ਕਿ ਅਸੀਂ ਇੱਥੇ ਪੱਕੇ ਧਰਨੇ ਦਾ ਪੂਰਾ ਇੰਤਜ਼ਾਮ ਕਰਕੇ ਪਹੁੰਚੇ ਹਾਂ ,ਸੋਮਵਾਰ ਤੋਂ ਸਾਰੇ ਅਧਿਆਪਕ ਸਮੂਹਿਕ ਛੁੱਟੀ ਤੇ ਰਹਿ ਕੇ ਧਰਨਾ ਜ਼ਾਰੀ ਰੱਖਾਂਗੇ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਅਸੀਂ ਬਹੁਤ ਉਮੀਦਾਂ ਲਾ ਕੇ ਆਪ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਜ਼ੋਰ ਲਾਇਆ, ਪਰ ਸਾਨੂੰ ਪਤਾ ਨਹੀਂ ਸੀ ਕਿ ਇਹ ਵੀ ਰਵਾਇਤੀ ਪਾਰਟੀਆਂ ਵਾਂਗ ਹੀ ਲਾਰੇ ਲੱਪੇ ਲਾ ਕੇ ਫਿਰ ਤੋਂ ਧਰਨੇ ਮੁਜਾਹਰੇ ਕਰਨ ਲਈ ਮਜਬੂਰ ਕਰਨਗੇ। ਉਨ੍ਹਾਂ ਮੰਗ ਕੀਤੀ ਕਿ ਉਨਾਂ ਦੀਆਂ ਵਾਜਿਬ ਮੰਗਾਂ ਦਾ ਤੁਰੰਤ ਹੱਲ ਕੀਤਾ ਜਾਵੇ।