ਅਜਾਦੀ ਦਾ ਅੰਮ੍ਰਿਤ ਮਹਾਂਉਤਸਵ-13 ਤੋਂ 15 ਅਗਸਤ ਤੱਕ ਹਰ ਘਰ ਤਿਰੰਗਾ ਲਹਿਰਾਉਣ ਦੀ ਅਪੀਲ
ਧੂਮਧਾਮ ਨਾਲ ਮਨਾਇਆ ਜਾਵੇਗਾ ਅਜਾਦੀ ਦਿਹਾੜਾ-ਡਿਪਟੀ ਕਮਿਸ਼ਨਰ
ਪੀ.ਟੀ.ਨਿਊਜ , ਫਾਜਿ਼ਲਕਾ, 1 ਅਗਸਤ 2022
ਦੇਸ਼ ਦੀ ਅਜਾਦੀ ਦੇ 75 ਸਾਲ ਪੂਰੇ ਹੋਣ ਕਾਰਨ ਇਸ ਸਾਲ ਦਾ ਅਜਾਦੀ ਦਿਹਾੜਾ ਬਹੁਤ ਮਹੱਤਵਪੂਰਨ ਹੈ ਅਤੇ ਇਸ ਨੂੰ ਵਿਸੇ਼ਸ ਧੂਮਧਾਮ ਨਾਲ ਮਨਾਇਆ ਜਾਵੇਗਾ। ਦੇਸ਼ ਇਸ ਸਾਲ ਨੂੰ ਅਜਾਦੀ ਦਾ ਅੰਮ੍ਰਿਤ ਮਹੋਤਸਵ ਦੇ ਤੌਰ ਤੇ ਮਨਾ ਰਿਹਾ ਹੈ। ਇਹ ਗੱਲ ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਆਈਏਐਸ ਨੇ ਅਜਾਦੀ ਦਿਵਸ ਸਮਾਗਮ ਦੀਆਂ ਤਿਆਰੀਆਂ ਸਬੰਧੀ ਪਲੇਠੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਆਖੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਮਾਗਮ ਦੌਰਾਨ ਪੰਜਾਬ ਦੇ ਵਿਰਸੇ ਅਤੇ ਗੌਰਵਸ਼ਾਲੀ ਇਤਿਹਾਸ ਦੀ ਝਲਕ ਵੀ ਮਿਲੇਗੀ ਅਤੇ ਤਰੱਕੀ ਕਰਦੇ ਪੰਜਾਬ ਦੀ ਤਸਵੀਰ ਵੀ ਝਾਂਕੀਆਂ ਰਾਹੀਂ ਪ੍ਰਰਦਰਸਿ਼ਤ ਕੀਤੀ ਜਾਵੇਗੀ।ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਸਾਰੇ ਵਿਭਾਗ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਨਗਰ ਕੌਂਸਲ ਫਾਜਿ਼ਲਕਾ ਨੂੰ ਹਦਾਇਤ ਕੀਤੀ ਕਿ ਇਸ ਦੌਰਾਨ ਸ਼ਹਿਰ ਵਿਚ ਮੁੰਕਮਲ ਸਫਾਈ ਕਰਵਾਈ ਜਾਵੇ ਅਤੇ ਚੌਕਾਂ ਆਦਿ ਨੂੰ ਸਿੰਗਾਰਿਆ ਜਾਵੇ। ਉਨ੍ਹਾਂ ਨੇ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਕਿ 14 ਅਤੇ 15 ਅਗਸਤ ਦੀ ਰਾਤ ਨੂੰ ਸਰਕਾਰੀ ਦਫ਼ਤਰਾਂ ਵਿਚ ਰੌਸ਼ਨੀਆਂ ਕੀਤੀਆਂ ਜਾਣ।
ਇਸ ਤੋਂ ਬਿਨ੍ਹਾਂ ਡਿਪਟੀ ਕਮਿਸ਼ਨਰ ਨੇ ਅਜਾਦੀ ਕਾ ਅੰਮ੍ਰਿਤ ਮਹੋਤਸਵ ਤਹਿਤ ਵੀ ਸਾਰੇ ਵਿਭਾਗਾਂ ਨੂੰ ਗਤੀਵਿਧੀਆਂ ਕਰਵਾਉਣ ਲਈ ਹਦਾਇਤ ਕੀਤੀ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਹਰ ਘਰ ਤਿਰੰਗਾ ਮੁਹਿੰਮ ਤਹਿਤ ਸਾਰੇ ਜਿ਼ਲ੍ਹਾ ਵਾਸੀ ਆਪਣੇ ਘਰਾਂ ਤੇ 13 ਤੋਂ 15 ਅਗਸਤ ਤੱਕ ਤਿਰੰਗ ਲਹਿਰਾਉਣ।
ਬੈਠਕ ਵਿਚ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ: ਹਰਚਰਨ ਸਿੰਘ, ਐਸਡੀਐਮ ਸ੍ਰੀ ਅਕਾਸ਼ ਬਾਂਸਲ, ਡੀਆਰਓ ਸ੍ਰੀ ਅਮਨਪਾਲ ਸਿੰਘ, ਐਸਪੀ ਸ੍ਰੀ ਮੋਹਨ ਲਾਲ, ਡਿਪਟੀ ਡੀਈਓ ਸ੍ਰੀ ਹੰਸ ਰਾਜ ਆਦਿ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।