ਅਕਾਲੀ ਦਲ ਤੇ ਬਸਪਾ ਸਰਕਾਰ ਆਉਣ ਨਾਲ ਸਮਾਜਿਕ ਭਲਾਈ ਸਕੀਮਾਂ ਵਿਚ ਵਾਧਾ ਹੋਵੇਗਾ : ਸੁਖਬੀਰ ਸਿੰਘ ਬਾਦਲ
ਅਕਾਲੀ ਦਲ ਤੇ ਬਸਪਾ ਸਰਕਾਰ ਆਉਣ ਨਾਲ ਸਮਾਜਿਕ ਭਲਾਈ ਸਕੀਮਾਂ ਵਿਚ ਵਾਧਾ ਹੋਵੇਗਾ : ਸੁਖਬੀਰ ਸਿੰਘ ਬਾਦਲ
ਰਿਚਾ ਨਾਗਪਾਲ,ਘਨੌਰ, 15 ਫਰਵਰੀ 2022
ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਵਿਚ ਅਕਾਲੀ ਦਲ ਤੇ ਬਸਪਾ ਸਰਕਾਰ ਆਉਣ ਨਾਲ ਸਮਾਜ ਭਲਾਈ ਸਕੀਮਾਂ ਵਿਚ ਵਾਧਾ ਹੋਵੇਗਾ ਅਤੇ ਉਹਨਾਂ ਕਿਹਾ ਕਿ ਬੁਢਾਪਾ ਪੈਨਸ਼ਨ ਵਧਾ ਕੇ 3100 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ ਅਤੇ ਕਮਜ਼ੋਰ ਵਰਗਾਂ ਦੀਆਂ ਧੀਆਂ ਵਾਸਤੇ ਸ਼ਗਨ ਸਕੀਮ ਦੀ ਰਾਸ਼ੀ ਵਧਾ ਕੇ 75000 ਰੁਪਏ ਕੀਤੀ ਜਾਵੇਗੀ।
ਇਥੇ ਪਾਰਟੀ ਦੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ ਵਿਚ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਸੀਂ ਇਹ ਵੀ ਵਾਅਦਾ ਕਰਦੇ ਹਾਂ ਕਿ ਜਿਹੜੇ ਨੀਲੇ ਕਾਰਡ ਕਾਂਗਰਸ ਸਰਕਾਰ ਨੇ ਕੱਟੇ ਹਨ ਜਿਹਨਾਂ ਦੀ ਬਦੌਲਤ ਕਮਜੋਰ ਵਰਗਾਂ ਨੁੰ ਸਸਤਾ ਰਾਸ਼ਨ ਮਿਲਦਾ ਸੀ, ਉਹ ਸਾਰੇ ਅਸੀਂ ਬਹਾਲ ਕਰਾਂਗੇ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਗਰੀਬੀ ਰੇਖਾ ਤੋਂ ਹੇਠਲੇ ਪਰਿਵਾਰਾਂ ਦੀ ਅਗਵਾਈ ਕਰਨ ਵਾਲੀਆਂ ਮਹਿਲਾਵਾਂ ਨੁੰ ਹਰ ਮਹੀਨੇ 2 ਹਜ਼ਾਰ ਰੁਪਏ ਸਹਾਇਤਾ ਦਿੱਤੀ ਜਾਵੇਗੀ ਅਤੇ ਸਾਰੇ ਘਰੇਲੂ ਖਪਤਕਾਰਾਂ ਨੁੰ 400 ਯੁਨਿਟ ਬਿਜਲੀ ਮੁਫਤ ਦਿੱਤੀ ਜਾਵੇਗੀ।
ਆਮ ਆਦਮੀ ਪਾਰਟੀ ‘ਤੇ ਹੱਲਾ ਬੋਲਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੁੰ ਚੌਕਸ ਕੀਤਾ ਕਿ ਉਹ ਇਸਦੇ ਝੂਠੇ ਪ੍ਰਾਪੇਗੰਡੇ ਤੋਂ ਸਾਵਧਾਨ ਰਹਿਣ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਇਸਦੇ ਕਨਵੀਨਰ ਅਰਵਿੰਦ ਕੇਜਰੀਵਾਲ ਇਕ ਮੌਕਾ ਮੰਗ ਕੇ ਪੰਜਾਬੀਆਂ ਨੂੰ ਵੋਟਾਂ ਪਾਉਣ ਦੀ ਅਪੀਲ ਕਰ ਰਹੇ ਹਨ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਪੰਜਾਬੀਆਂ ਨੇ 2017 ਵਿਚ ਆਮ ਆਦਮੀ ਪਾਰਟੀ ਨੁੰ ਮੌਕਾ ਦਿੱਤਾ ਸੀ ਅਤੇ ਇਸਨੁੰ ਪ੍ਰਮੁੱਖ ਵਿਰੋਧੀ ਪਾਰਟੀ ਬਣਾਇਆ ਸੀ। ਉਹਨਾਂ ਕਿਹਾ ਕਿ ਬਜਾਏ ਪੰਜਾਬੀਆਂ ਦੇ ਮੁੱਦੇ ਚੁੱਕਣ ਦੇ ਇਸਦੇ 20 ਵਿਚੋਂ 11 ਵਿਧਾਇਕ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ। ਉਹਨਾਂ ਕਿਹਾ ਕਿ ਪੰਜਾਬੀ ਕਦੇ ਵੀ ਅਜਿਹੀ ਪਾਰਟੀ ‘ਤੇ ਮੁੜ ਵਿਸਾਹ ਨਹੀਂ ਕਰ ਸਕਦੇ।
ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਟਿਕਟਾਂ ਕਿਵੇਂ ਵੇਚੀਆਂ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੁੰ ਇਹ ਚਾਅ ਹੈ ਕਿ ਉਹ ਕਹਿੰਦੀ ਹੈ ਕਿ ਉਹ ਸਾਧਾਰਣ ਬੰਦਿਆਂ ਨੁੰ ਟਿਕਟਾਂ ਦੇਵੇਗੀ ਜਦੋਂ ਕਿ ਇਸਨੇ 117 ਵਿਚੋਂ 65 ਸੀਟਾਂ ਸਿਆਸੀ ਦਲ ਬਦਲੂਆਂ ਨੁੰ ਦਿੱਤੀਆਂ। ਪਟਿਆਲਾ ਜ਼ਿਲ੍ਹੇ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਪਟਿਆਲਾ ਸ਼ਹਿਰ ਤੋਂ ਦਲਬਦਲੂ ਨੁੰ ਟਿਕਟ ਦੇਣ ਤੋਂ ਇਲਾਵਾ ਪਾਰਟੀ ਨੇ ਸਨੌਰ ਤੋਂ ਇਕ ਭਗੌੜੇ ਨੁੰ ਟਿਕਟ ਦਿੱਤੀ ਹੈ। ਉਹਨਾਂ ਨੇ ਘਨੌਰ ਵਿਚ ਪਾਰਟੀ ਦੇ ਉਮੀਦਵਾਰ ਗੁਰਲਾਲ ਘਨੌਰ ਦੀਆਂ ਨਸ਼ਾ ਮਾਫੀਆ ਨਾਲ ਤਸਵੀਰਾਂ ਵਿਖਾਉਂਦਿਆਂ ਕਿਹਾ ਕਿ ਤੁਸੀਂ ਆਪਣੇ ਹਿੱਤਾਂ ਦੀ ਰਾਖੀ ਵਾਸਤੇ ਅਜਿਹੇ ਮਾੜੇ ਅਨਸਰਾਂ ‘ਤੇ ਭਰੋਸਾ ਕਿਉਂ ਕਿਵੇਂ ਕਰ ਸਕਦੇ ਹੋ।
ਅਕਾਲੀ ਆਗੂ ਨੇ ਇਹ ਵੀ ਦੱਸਿਆ ਕਿ ਕਿਵੇਂ ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਕੀਤੇ ਵਾਅਦਿਆਂ ਵਿਚੋਂ ਦਿੱਲੀ ਵਿਚ ਇਕ ਵੀ ਲਾਗੂ ਨਹੀਂ ਕੀਤਾ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪਿਛਲੇ 8 ਸਾਲਾਂ ਵਿਚ ਦਿੱਲੀ ਵਿਚ ਕਿਸੇ ਵੀ ਇਕ ਮਹਿਲਾ ਨੁੰ ਇਕ ਧੇਲਾ ਵੀ ਨਹੀਂ ਦਿੱਤਾ ਜਦੋਂ ਕਿ ਇਹ ਪੰਜਾਬ ਵਿਚ ਸਾਰੀਆਂ ਮਹਿਲਾਵਾਂ ਨੁੰ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕਰ ਰਹੀ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਦਿੱਲੀ ਵਿਚ 200 ਯੂਨਿਟ ਮੁਫਤ ਬਜਿਲੀ ਦਾ ਵਾਅਦਾ ਦਿੱਲੀ ਵਿਚ ਖਪਤਾਕਰਾਂ ਨਾਲ ਧੋਖਾ ਸਾਬਤ ਹੋਇਆ ਹੈ ਕਿਉਂਕਿ ਇਕ ਯੁਨਿਟ ਵੀ ਵੱਧ ਆਉਣ ‘ਤੇ ਲੋਕਾਂ ਨੁੰ ਸਾਰਾ ਬਿੱਲ ਤਾਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਅਰਵਿੰਦ ਕੇਜਰੀਵਾਲ ਪੰਜਾਬ ਵਿਚ ਮੁਲਾਜ਼ਮਾਂ ਨੁੰ ਪੱਕੇ ਕਰਨ ਦਾ ਵਾਅਦਾ ਕਰ ਰਿਹਾ ਹੈ ਜਦੋਂ ਕਿ ਦਿੱਲੀ ਵਿਚ ਉਸਨੇ ਇਹ ਕਿਹਾ ਹੈ ਕਿ ਰੈਗੂਲਰ ਕਰਨ ‘ਤੇ ਠੇਕਾ ਮੁਲਾਜ਼ਮ ਕੰਮ ਕਰਨਾ ਬੰਦ ਕਰ ਦਿੰਦੇ ਹਲ। ਉਹਨਾਂ ਕਿਹਾ ਕਿ ਤੁਸੀਂ ਅਜਿਹੇ ਬੰਦੇ ਦੇ ਕੀਤੇ ਵਾਅਦਿਆਂ ‘ਤੇ ਭਰੋਸਾ ਕਿਉਂ ਕਰ ਸਕਦੇ ਹੋ?
ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਹੀ ਪੰਥ ਅਤੇ ਪੰਜਾਬ ਦੀ ਸਹੀ ਪ੍ਰਤੀਨਿਧ ਜਮਾਤ ਹੈ। ਉਹਨਾਂ ਕਿਹਾ ਕਿ ਅਸੀਂ ਹਮੇਸ਼ਾ ਤੁਹਾਡੇ ਹਿੱਤਾਂ ਦੀ ਰਾਖੀ ਕੀਤੀ ਹੈ। ਅਸੀਂ ਹਮੇਸ਼ਾ ਤੁਹਾਡੇ ਨਾਲ ਕੀਤੇ ਵਾਅਦੇ ਨਿਭਾਏ ਹਨ ਭਾਵੇਂ ਉਹ ਕਿਸਾਨਾਂ ਨੁੰ ਮੁਫਤ ਬਿਜਲੀ ਦੇਣ ਦਾ ਹੋਵੇ, ਸੂਬੇ ਨੁੰ ਬਿਜਲੀ ਸਰਪਲੱਸ ਬਣਾਉਣ ਦਾ, ਬੁਢਾਪਾ ਪੈਨਸ਼ਨ, ਸ਼ਗਨ ਸਕੀਮ ਜਾਂ ਆਟਾ ਦਾਲ ਸਕੀਮ ਸ਼ੁਰੂ ਕਰਨ ਦਾ ਹੋਵੇ। ਉਹਨਾਂ ਕਿਹਾ ਕਿ ਭਵਿੱਖ ਵਿਚ ਵੀ ਅਸੀਂ ਤੁਹਾਡੇ ਨਾਲ ਕੀਤਾ ਹਰ ਵਾਅਦਾ ਨਿਭਾਵਾਂਗੇ।